ਪਰਚੀ ਕਟਵਾਉਣ ਨੂੰ ਲੈ ਕੇ ਟੋਲ ਕਰਮਚਾਰੀ ਨੇ ਕੀਤਾ ਕਾਰ ਮਾਲਕ ‘ਤੇ ਹਮਲਾ
ਮੌਕੇ ‘ਤੇ ਪਹੁੰਚ ਕੇ ਐਸਐਚਓ ਕਾਠਗੜ੍ਹ ਨੇ ਸੰਭਾਲੀ ਸਥਿਤੀ
ਬਲਾਚੌਰ/ਕਾਠਗੜ੍ਹ,(ਜਤਿੰਦਰ ਪਾਲ ਸਿੰਘ ਕਲੇਰ): ਰੋਪੜ-ਬਲਾਚੌਰ ਰਾਜ ਮਾਰਗ ‘ਤੇ ਸਥਿਤ ਟੋਲ ਬੈਰੀਅਰ ਬੱਛੂਆਂ ਦੇ ਇਕ ਕਰਮਚਾਰੀ ਵਲੋਂ ਟੋਲ ਪਰਚੀ ਕਟਵਾਉਣ ਨੂੰ ਲੈ ਕੇ ਇਕ ਕਾਰ ਮਾਲਕ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੇਕਿਨ ਵਿਗੜੀ ਸਥਿਤੀ ਨੂੰ ਥਾਣਾ ਕਾਠਗਡ਼੍ਹ ਦੇ ਐੱਸਐੱਚਓ ਨੇ ਮੌਕੇ ‘ਤੇ ਪਹੁੰਚ ਕੇ ਸੰਭਾਲਿਆ।
ਜਾਣਕਾਰੀ ਦਿੰਦੇ ਹੋਏ ਨੰਬਰਦਾਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਨਵਾਂਸ਼ਹਿਰ ਸਾਇਡ ਨੂੰ ਆਪਣੀ ਸਕਾਰਪੀਓ ‘ਚ ਜਾ ਰਿਹਾ ਸੀ ਅਤੇ ਜਦੋਂ ਉਹ ਟੋਲ ਬੈਰੀਅਰ ‘ਤੇ ਰੁਕਿਆ ਅਤੇ ਪਰਚੀ ਕੱਟ ਰਹੀ ਮੈਡਮ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਫਾਸਟੈਗ ਵਿੱਚੋਂ ਬੈਲੇਂਸ ਨਾ ਹੋਣ ਕਾਰਨ ਪੈਸੇ ਨਹੀਂ ਕੱਟੇ ਜਾ ਰਹੇ।ਜਿਸ ਤੇ ਅਜੀਤ ਸਿੰਘ ਨੇ ਦੋ ਸੋ ਰੁਪਏ ਦਿੰਦੇ ਹੋਏ ਕਿਹਾ ਕਿ ਤੁਸੀਂ ਪਰਚੀ ਦੇ ਬਣਦੇ ਪੈਸੇ ਕੱਟ ਲਓ, ਲੇਕਿਨ ਉੱਥੇ ਕੋਲ ਖੜ੍ਹੇ ਇੱਕ ਟੋਲ ਕਰਮਚਾਰੀ ਨੇ ਗਾਲ੍ਹ ਕੱਢਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦਾ ਤਾਂ ਇਹੀ ਹਾਲ ਹੈ। ਇਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿ ਅਕਾਊਂਟ ‘ਚ ਪੈਸੇ ਪੁਆਉਣੇ ਹਨ ਜਾਂ ਨਹੀਂ, ਪਰੰਤੂ ਸਕਾਰਪੀਓ ਮਾਲਕ ਗੱਡੀ ਵਿਚੋਂ ਬਾਹਰ ਉਤਰ ਕੇ ਕਰਮਚਾਰੀ ਨੂੰ ਕਹਿਣ ਲੱਗਾ ਕਿ ਮੈਂ ਪਰਚੀ ਕਟਵਾ ਰਿਹਾ ਹਾਂ, ਤੇਰਾ ਗਾਲ ਕੱਢਣ ਦਾ ਕੀ ਮਤਲਬ…? ਬਸ ਫੇਰ ਕੀ ਟੋਲ ਕਰਮਚਾਰੀ ਨੇ ਬਹਿਸ ਕਰਦੇ ਹੋਏ ਲੋਹੇ ਦੀ ਰਾਡ ਨਾਲ ਇਕਦਮ ਸਕਾਰਪੀਓ ਮਾਲਕ ‘ਤੇ ਹਮਲਾ ਕਰ ਦਿੱਤਾ ਅਤੇ ਅਜੀਤ ਸਿੰਘ ਨੇ ਉਸ ਦੇ ਹੱਥ ਵਿਚੋਂ ਰਾਡ ਖੋਹ ਲਈ ਲੇਕਿਨ ਟੋਲ ਕਰਮਚਾਰ ਭੱਜ ਕੇ ਇਕ ਕਮਰੇ ਵਿਚੋਂ ਹੋਰ ਰਾਡ ਲੈ ਆਇਆ।ਇਸ ਤੋਂ ਬਾਅਦ ਟੋਲ ਬੈਰੀਅਰ ਦੇ ਦੂਜੇ ਕਰਮਚਾਰੀ ਇਕੱਠੇ ਹੋਏ ਤੇ ਉਨ੍ਹਾਂ ਨੇ ਆਪਣੇ ਸਾਥੀ ਨੂੰ ਇਕ ਕਮਰੇ ਵਿਚ ਭੇਜ ਦਿੱਤਾ ਅਤੇ ਮਾਹੌਲ ਤਣਾਅ ਵਾਲਾ ਹੋ ਗਿਆ।ਟੋਲ ਬੈਰੀਅਰ ਤੇ ਵਿਗੜੀ ਇਸ ਸਥਿਤੀ ਦੀ ਸੂਚਨਾ ਲੋਕਾਂ ਨੇ ਥਾਣਾ ਕਾਠਗੜ੍ਹ ਦੇ ਐਸਐਚਓ ਹਰਕੀਰਤ ਸਿੰਘ ਨੂੰ ਦਿੱਤੀ। ਉਨ੍ਹਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ ਅਤੇ ਬੜੀ ਸੂਝਬੂਝ ਤੋਂ ਕੰਮ ਲੈਂਦੇ ਹੋਏ, ਦੋਵੇਂ ਧਿਰਾਂ ਨੂੰ ਥਾਣਾ ਕਾਠਗੜ੍ਹ ਲਿਆ ਕੇ ਸਾਰੀ ਪੁੱਛ ਪੜਤਾਲ ਕੀਤੀ।
ਕਿਸੇ ਨਾਲ ਕੋਈ ਕਰਮਚਾਰੀ ਬਦਸਲੂਕੀ ਕਰਦਾ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ : ਟੋਲ ਪਲਾਜ਼ਾ ਮੈਨੇਜਰ
ਦੂਜੇ ਪਾਸੇ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਤੌ ਇਸ ਸਬੰਧੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਹਨਾਂ ਟੌਲ ਪਲਾਜੇ ਦੇ ਅਧਿਕਾਰੀਆਂ ਦਾ ਵਰਤਾਅ ਚੰਗਾ ਨਹੀਂ ਹੌਵੇਗਾ। ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਜਿਸ ਨੇ ਟੌਲ ਪਲਾਜੇ ਤੇ ਅੱਜ ਸਕਾਰਪੀਓ ਗੱਡੀ ਦੇ ਮਾਲਕ ਨਾਲ ਬਦਸਲੂਕੀ ਕੀਤੀ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਅਤੇ ਅੱਗੇ ਤੋਂ ਬਾਕੀ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਹੈ ਕਿ ਕਿਸੇ ਨਾਲ ਕੋਈ ਕਰਮਚਾਰੀ ਬਦਸਲੂਕੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।