ਭਵਾਨੀਗੜ੍ਹ,(ਵਿਜੈ ਗਰਗ): ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਭਵਾਨੀਗੜ੍ਹ ਡਾ.ਮਹੇਸ਼ ਕੁਮਾਰ ਦੀ ਅਗਵਾਈ ਵਿੱਚ ਬਲਾਕ ਭਰ ਵਿੱਚ ਪੋਸ਼ਣ ਅਭਿਆਨ ਅਧੀਨ ਪੋਸ਼ਣ ਪੰਦਰਵਾੜ੍ਹਾ ਮਨਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਆਈ.ਈ.ਸੀ ਨੋਡਲ ਅਫਸਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਅਭਿਆਨ ਦਾ ਮੁੱਖ ਮਕਸਦ 0-6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਂਵਾਂ ਅਤੇ ਕਿਸ਼ੋਰੀਆਂ ਵਿੱਚ ਕੁਪੋਸ਼ਣ ਦੀ ਸਮੱਸਿਆਂ ਨੂੰ ਦੂਰ ਕਰਨਾ ਅਤੇ ਸਿਹਤ ਪੱਧਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੇ ਮੁੱਖ ਟੀਚੇ 6 ਤੋ 59 ਮਹੀਨੇ ਦੇ ਬੱਚਿਆਂ ਵਿੱਚ ਅਨੀਮੀਆ ਹਰ ਸਾਲ 3 ਫੀਸਦੀ ਘਟਾਉਣਾ, 5 ਤੋਂ 49 ਸਾਲ ਦੇ ਵਿਚਕਾਰ ਦੀਆਂ ਕਿਸ਼ੋਰ ਲੜਕੀਆਂ ਅਤੇ ਔਰਤਾਂ ਵਿੱਚ ਅਨੀਮੀਆ ਦੀ ਦਰ ਹਰ ਸਾਲ 3 ਫੀਸਦੀ ਨਾਲ ਘਟਾਉਣਾ, ਘੱਟ ਵਜਨ ਵਾਲੇ ਬੱਚਿਆਂ ਦਾ ਅੰਕੜਾ ਹਰ ਸਾਲ 2 ਫੀਸਦੀ ਨਾਲ ਘਟਾਉਣਾ ਹੈ।ਉਨ੍ਹਾਂ ਦੱਸਿਆ ਕਿ ਪੋਸ਼ਣ ਪੰਦ੍ਹਰਵਾੜੇ  ਦੌਰਾਨ ਬਲਾਕ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸਮੁਦਾਇਕ ਗਤੀਵਿਧੀਆਂ ਕੀਤੀਆ ਜਾ ਰਹੀਆ ਹਨ ਅਤੇ ਲੋਕਾਂ ਨੂੰ ਪੋਸ਼ਟਿਕ ਖੁਰਾਕ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਕੁਪੋਸ਼ਣ ਅਤੇ ਅਨੀਮੀਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਗਰਭਵਤੀ ਔਰਤਾਂ ਨੂੰ ਗਰਭ ਦੌਰਾਨ ਟੀ.ਟੀ ਟੀਕਾਕਰਨ, ਆਇਰਨ ਫਾਲਿਕਐਸਿਡ (IFA) ਦੀਆਂ ਗੋਲੀਆਂ ਅਤੇ ਸੰਤੁਲਿਤ ਭੋਜਨ ਲੈਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਸਮਾਜ ਦੀ ਸਿਰਜਨਾ ਤਾਂ ਹਾ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਹੀ ਧਿਆਨ ਰੱਖਿਆ ਜਾਵੇ।ਸਬ ਸੈਂਟਰ ਭੱਟੀਵਾਲ ਵਿਖੇ ਸੀ.ਐਚ.ਓ ਸੰਦੀਪ ਕੌਰ ਨੇ ਹਾਜ਼ਰੀਨ ਨੂੰ ਪੋਸ਼ਣ ਦੀ ਮਹੱਤਤਾ ਬਾਰੇ ਦੱਸਦਿਆਂ ਸੰਤੁਲਿਤ ਭੋਜਨ ਦਾ ਸੇਵਨ ਯਕੀਨੀ ਬਣਾਉਣ ਲਈ ਕਿਹਾ।ਇਸ ਮੌਕੇ ਖੂਨ ਦੀ ਜਾਂਚ ਵੀ ਕੀਤੀ ਗਈ ਅਤੇ ਆਇਰਨ ਫੌਲਿਕ ਐਸਿਡ ਦੀਆ ਗੋਲ਼ੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਹੇਰਨਾਂ ਤੋਂ ਇਲਾਵਾ ਇੰਦਰਪ੍ਰੀਤ ਕੌਰ ਏਐਨਐਮ ਅਤੇ ਆਸ਼ਾ ਵਰਕਰ ਮੌਜੂਦ ਸਨ।