ਹੁਸ਼ਿਆਰਪੁਰ, : ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਰਮਨ ਵਿਰਦੀ, ਨਰੇਸ਼ ਕੁਮਾਰ ਸਹਾਇਕ, ਪਰਮਜੀਤ ਸਿੰਘ ਪੰਮਾ ਤੇ ਫੂਡ ਟੀਮ ਵਲੋਂ ਹੁਸ਼ਿਆਰਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਖਾਧ ਪਦਾਰਥਾਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਚਾਵਲ, ਰੈਡ ਚਿੱਲੀ ਪਾਊਡਰ, ਪਨੀਰ, ਦਹੀਂ, ਪੈਟੀਜ਼, ਨਮਕੀਨ, ਲੱਸੀ, ਖੌਆ, ਦੁੱਧ ਅਤੇ ਚਮਚਮ ਆਦਿ ਦੇ 11 ਸੈਂਪਲ ਭਰੇ ਗਏ। ਉਹਨਾਂ ਦੱਸਿਆ ਕਿ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਪੰਜਾਬ ਓ.ਪੀ ਸੋਨੀ ਦੇ ਹੁਕਮਾਂ ਮੁਤਾਬਿਕ ਪੰਜਾਬ ਦੇ ਲੋਕਾਂ ਨੂੰ ਸਾਫ-ਸੁਥਰਾ ਮਿਲਾਵਟ ਰਹਿਤ ਖਾਦ ਪਦਾਰਥਾਂ ਮੁੱਹਈਆ ਕਰਵਾਉਣ ਅਤੇ ਮਿਲਾਵਟ ਖੌਰਾਂ ਖਿਲਾਫ ਉਚਿਤ ਕਾਰਵਾਈ ਦੇ ਉਦੇਸ਼ ਨਾਲ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਟੀਮ ਵਲੋਂ ਫਗਵਾੜਾ ਰੋਡ ਤੇ ਰਾਜਸਥਾਨੀ ਪ੍ਰੋਵੀਜਨ ਸਟੋਰ ਤੋਂ ਚਾਵਲ, ਰੈਡ ਚਿੱਲੀ ਪਾਊਡਰ, ਗੁਲਸ਼ਨ ਟੀ ਸਟਾਲ ਫਗਵਾੜਾ ਰੋਡ ਤੋਂ ਪਨੀਰ, ਦਹੀਂ, ਪੈਟੀਜ਼, ਸੁਖੀਜਾ ਸੋਡਾ ਸ਼ੋਪ ਫਗਵਾੜਾ ਰੋਡ ਤੋਂ ਨਮਕੀਨ ਲੱਸੀ, ਬਾਲ ਕਿਸ਼ਨ ਰੋਡ ਤੇ ਸਥਿਤ ਭਾਟੀਏ ਦੀ ਹੱਟੀ ਤੋਂ ਖੌਆ ਅਤੇ ਦੁੱਧ ਦੇ ਸੈਂਪਲ ਭਰੇ ਗਏ ਅਤੇ ਮਾਲ ਰੋਡ ਤੇ ਕਾਕੇ ਦੀ ਹੱਟੀ ਤੋਂ ਪਨੀਰ, ਦਹੀਂ ਅਤੇ ਚਮਚਮ ਆਦਿ ਦੇ 11 ਸੈਂਪਲ ਭਰੇ ਗਏ। ਉਹਨਾਂ ਦੱਸਿਆ ਕਿ ਵੱਖ-ਵੱਖ ਸੈਂਪਲ ਇੱਕਤਰ ਕਰਕੇ ਅਗਲੇਰੀ ਜਾਂਚ ਲਈ ਸਟੇਟ ਟੈਸਟਿੰਗ ਲੈਬ ਖਰੜ ਨੂੰ ਭੇਜ ਦਿੱਤੇ ਗਏ ਅਤੇ ਰਿਪੋਟ ਪ੍ਰਾਪਤ ਹੋਣ ਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ 2006 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਖੁੱਲੇ ਖਾਧ-ਪਦਾਰਥਾਂ ਦੇ ਸੈਂਪਲ ਲੈਣ ਦਾ ਮੱਕਸਦ ਉਨਾਂ ਦੀ ਸ਼ੁਧਤਾ ਅਤੇ ਮਿਆਰਤਾ ਦਾ ਪੱਧਰ ਉੁਚਾ ਰੱਖਣ ਦਾ ਹੈ। ਚੈਕਿੰਗ ਦੌਰਾਨ ਦੁਕਾਨਾਦਾਰਾਂ ਦੇ ਐਫ.ਐਸ.ਐਸ.ਆਈ ਤਹਿਤ ਬਣਾਏ ਗਏ ਲਾਇਸੈਂਸ ਦੇਖੇ ਜਾਂਦੇ ਹਨ ਅਤੇ ਪਾਇਆ ਗਿਆ ਕਿ ਦੁਕਾਨਦਾਰਾਂ ਵਲੋਂ ਆਪਣੀ ਬਣਦੀ ਕੈਟੇਗਰੀ ਅਨੁਸਾਰ ਲਾਇਸੈਂਸ ਨਹੀਂ ਲਏ ਗਏ ਸਨ, ਇਸ ਲਈ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀ ਕੈਟੇਗਰੀ ਅਨੁਸਾਰ ਫੀਸ ਅਦਾ ਕਰਕੇ ਲਾਇਸੈਂਸ ਲੈਣ। ਉਨਾਂ ਮੀਡੀਆ ਰਾਹੀਂ ਮਿਲਾਵਟ ਯੁਕਤ ਨਕਲੀ ਅਤੇ ਸਬ-ਸਟੈਂਡਰਡ ਖਾਧ-ਪਦਾਰਥਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ।