ਫੁਗਲਾਣਾ ਵਿਖੇ ਮੱਕੀ ਡਰਾਇਰ ਹੋਇਆ ਚਾਲੂ : ਡਿਪਟੀ ਕਮਿਸ਼ਨਰ
ਵਧੇਰੇ ਮੁਨਾਫੇ ਲਈ ਕਿਸਾਨ ਮੱਕੀ ਸੁਕਾ ਕੇ ਮੰਡੀਕਰਨ ਨੂੰ ਦੇਣ ਤਰਜੀਹ
ਹੁਸ਼ਿਆਰਪੁਰ,( ਰਾਜਦਾਰ ਟਾਇਮਸ): ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਬਲਾਕ ਹੁਸ਼ਿਆਰਪੁਰ—2 ਦੇ ਪਿੰਡ ਫੁਗਲਾਣਾ ਵਿਖੇ ਸਥਾਪਤ ਕੀਤੇ ਗਏ ਮੱਕੀ ਦੇ ਡਰਾਇਰ ਨੂੰ ਚਾਲੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੌਜੂਦਾ ਸਮੇਂ ਮੱਕੀ ਦੀ ਫਸਲ ਦਾ ਵਧੇਰੇ ਮੰਡੀਕਰਨ ਮੁੱਲ ਲੈਣ ਲਈ ਕਿਸਾਨਾਂ ਦੇ ਲਈ ਫੁਗਲਾਣਾ ਵਿਖੇ ਮੱਕੀ ਦੇ ਡਰਾਇਰ ਨੂੰ ਚਾਲੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਮੱਕੀ ਦੀ ਫਸਲ ਦਾ ਵਧੇਰੇ ਮੁੱਲ ਪ੍ਰਾਪਤ ਕਰਨ ਲਈ ਆਪ ਦੀ ਉੱਪਜ ਡਰਾਇਰ ਵਿਖੇ ਸੁਕਾ ਕੇ ਮੰਡੀ ਵਿੱਚ ਵੇਚ ਸਕਦੇ ਹਨ, ਕਿਉਂਕਿ ਗਿੱਲੀ ਮੱਕੀ ਵਿੱਚ ਨਮੀ ਦੀ ਮਾਤਰਾ ਵਧੇਰੇ ਹੋਣ ਕਰਕੇ ਇਸ ਦਾ ਮੁੱਲ ਸੁਕਾਈ ਗਈ ਮੱਕੀ ਨਾਲੋਂ ਕਾਫੀ ਘੱਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੱਕੀ ਨੂੰ ਡਰਾਇਰ ਵਿਖੇ ਸੁਕਾਉਣ ਲਈ ਵੀ ਕਿਸਾਨਾਂ ਤੋਂ ਮਾਮੂਲੀ ਕੀਮਤ ਵਸੂਲ ਕੀਤੀ ਜਾਂਦੀ ਹੈ, ਤਾਂ ਜੋ ਕਿਸਾਨ ਸੁੱਕੀ ਮੱਕੀ ਨੂੰ ਵੇਚ ਕੇ ਵਧੇਰੇ ਮੁਨਾਫਾ ਕਮਾ ਸਕਣ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਇਲਾਕੇ ਦੇ ਮੱਕੀ ਕਾਸ਼ਤਕਾਰਾਂ ਨੂੰ ਉਕਤ ਮੱਕੀ ਦੇ ਡਰਾਇਰ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਮੱਕੀ ਦੇ ਡਰਾਇਰ ਦੀ ਉਪਲਬੱਧਤਾ ਸਬੰਧੀ ਮਿਤੀ ਨਿਸ਼ਚਿਤ ਕਰਨ ਉਪਰੰਤ ਹੀ ਆਪਣੀ ਉਪਜ ਸੁਕਾਉਣ ਲਈ ਲੈ ਕੇ ਜਾਣ, ਤਾਂ ਜੋ ਕਿਸੇ ਕਿਸਮ ਦੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।