ਰੋਪੜ,(ਜਤਿੰਦਰ ਕਲੇਰ): ਅੱਜ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਮੋਹਿਤ ਸ਼ਰਮਾ ਦੀ ਅਗਵਾਈ ਚ ਪਾਵਰਕਾਮ ਵਿਭਾਗ ਦੇ ਐਨਪੀਐਸ ਕਰਮਚਾਰੀਆ ਨੇ ਸ੍ਰੀ ਆਨੰਦਪੁਰ ਸਾਹਿਬ ਤੋ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਤੋਂ ਐਨਪੀਐਸ ਮੁਲਾਜ਼ਮਾਂ ਨੇ ਅਪਣੀ ਸਾਲਾਂ ਤੋ ਲਟਕਦੀ ਮੰਗ ਪੁਰਾਣੀ ਪੈਂਨਸ਼ਨ ਬਹਾਲੀ ਸਬੰਧੀ ਪਿੰਡ ਸੁਖਸਾਲ ਫੇਰੀ ਰੋਰਾਨ ਸਵਾਲ ਕੀਤੇ। ਜਿਲ੍ਹਾ ਕਨਵੀਨਰ ਗੁਰਿੰਦਰਪਾਲ ਸਿੰਘ ਖੇੜੀ, ਸੂਬਾ ਪ੍ਰੈਸ ਸਕੱਤਰ ਪ੍ਰੇਮ ਸਿੰਘ ਠਾਕੁਰ ਅਤੇ ਪਾਵਰਕਾਮ ਦੇ ਆਗੂ ਮੋਹਿਤ ਸਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਿਰ ਦੇ ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਕੀਤਾ ਵਾਅਦਾ ਸਰਕਾਰ ਦੇ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਨਿਭਾਇਆ ਨਹੀਂ ਗਿਆ। ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਇਸ ਮੰਗ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਅੱਜ ਸੂਬਾ ਭਰ ਵਿੱਚ ਵੱਖ ਵੱਖ ਹਲਕਿਆਂ ਦੇ ਵਿਧਾਇਕਾਂ ਨੂੰ ਇਸ ਜਾਇਜ ਮੰਗ ਨਾ ਮੰਨੇ ਜਾਣ ਤੇ ਸਵਾਲ ਪੁੱਛੇ ਜਾ ਰਹੇ ਹਨ। ਜ਼ਿਲ੍ਹਾ ਕਮੇਟੀ ਆਗੂਆ ਨੇ ਅੱਗੇ ਦੱਸਿਆ ਕਿ ਇਹ ਵਿਧਾਇਕ ਖੁਦ ਸਰਕਾਰ ਦੇ ਕਾਰਜਕਾਲ ਦੇ ਪੰਜ ਸਾਲ ਪੂਰੇ ਹੋਣ ਤੇ ਪੈਂਨਸ਼ਨ ਲੈਣ ਦੇ ਹੱਕਦਾਰ ਹੋ ਗਏ ਹਨ, ਪਰ ਇੱਕ ਮੁਲਾਜ਼ਮ ਜੋ ਸਾਰੀ ਉਮਰ ਸਰਕਾਰੀ ਸੇਵਾ ਵਿੱਚ ਲਾਉਂਦਾ ਹੈ, ਉਸ ਨੂੰ ਪੈਂਨਸਨ ਦੀ ਕੋਈ ਗਰੰਟੀ ਨਹੀਂ ਹੈ। ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦਾ ਇਹ ਫੈਸਲਾ ਵੀ ਆ ਚੁੱਕਾ ਹੈ ਕਿ ਸਾਰੀ ਉਮਰ ਕੰਮ ਕਰਨ ਬਦਲੇ ਮਿਲਣ ਵਾਲੀ ਪੈਂਨਸ਼ਨ ਮੁਲਾਜ਼ਮ ਦਾ ਹੱਕ ਹੈ ਕੋਈ ਖੈਰਾਤ ਨਹੀਂ। ਇਸ ਮੰਗ ਨੂੰ ਟਾਲਣ ਲਈ ਸਰਕਾਰ ਨੇ ਵੀਹ ਮਾਰਚ 2019 ਨੂੰ ਰੈਡੀ ਕਮੇਟੀ ਦਾ ਗਠਨ ਕਰਕੇ ਮੰਗ ਨੂੰ ਜਾਣ ਬੁੱਝ ਕੇ ਠੰਡੇ ਬਸਤੇ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਤਿੰਨ ਸਾਲ ਬੁਤ ਜਾਣ ਤੋਂ ਬਾਅਦ ਵੀ ਜੇਕਰ ਰੈਡੀ ਕਮੇਟੀ ਵੱਲੋਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਇਹ ਸਰਕਾਰ ਦੀ ਨਾਕਾਮੀ ਹੈ। ਇਹ ਪਹਿਲੀ ਵਾਰ ਹੈ ਕਿ ਵਿਧਾਇਕਾਂ ਨੂੰ ਵਾਅਦਾ ਨਾ ਨਿਭਾਏ ਜਾਣ ਕਰਕੇ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕੀਤਾ ਗਿਆ ਹੈ। ਜੇਕਰ ਸਕਾਰ ਚਾਹੇ ਅਜੇ ਵੀ ਐਨਪੀਐਸ ਵਾਪਸ ਲੈ ਕੇ ਪੁਰਾਣੀ ਪੈਂਨਸ਼ਨ ਬਹਾਲ ਕਰ ਸਕਦੀ ਹੈ ਨਹੀ ਤਾਂ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਲੋਕ ਇਹਨਾਂ ਦੇ ਨੁਮਾਇੰਦਿਆਂ ਵੱਲੋਂ ਕੀਤੇ ਕਿਸੇ ਵੀ ਵਾਅਦੇ ਦਾ ਭਰੋਸਾ ਨਹੀਂ ਕਰਨਗੇ। ਇਸ ਮੌਕੇ ਮੁੱਖ ਤੌਰ ਤੇ ਦਿਨੇਸ਼ ਕੁਮਾਰ, ਗੌਰਵ ਕਾਲੀਆ, ਪਵਨ ਕੁਮਾਰ, ਮਨੋਜ ਕੁਮਾਰ, ਮੋਹਿਤ ਸ਼ਰਮਾ, ਮਨੀਸ਼ ਕੁਮਾਰ, ਧਰਮ ਚੰਦ, ਰਮੇਸ਼ ਕੁਮਾਰ, ਪਰਸ਼ੂਰਾਮ, ਮਹੇਸ਼ ਕੁਮਾਰ, ਸੰਜੀਵ ਕੁਮਾਰ, ਜਰਨੈਲ ਸਿੰਘ ਆਦਿ ਹਾਜ਼ਰ ਸਨ।