ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ‘ਚ ਵਾਰੋ ਵਾਰੀ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਕਰਜ਼ਾਈ ਬਣਾ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਚੌਰ ਹਲਕੇ ਦੇ ਭਾਜਪਾ ਆਗੂ ਅਸ਼ੋਕ ਬਾਂਠ ਰੱਤੇਵਾਲ (ਸੇਵਾ-ਮੁਕਤ ਆਈ.ਪੀ.ਐੱਸ) ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਪੜ੍ਹੇ ਲਿਖੇ ਨੌਜਵਾਨ ਨੌਕਰੀਆਂ ਦੀਆਂ ਯੋਗਤਾਵਾਂ ਅਤੇ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣ ਲਈ ਮਜਬੂਰ ਹਨ। ਜਦਕਿ ਕਾਂਗਰਸ ਸਰਕਾਰ ਨੇ ਪਿੱਛਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਹਰ ਘਰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਅਗਲੀ ਪੀੜੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਬੇਰੁਜ਼ਗਾਰੀ ਨੂੰ ਦੂਰ ਕਰਨ, ਨਸ਼ਿਆਂ ‘ਤੇ ਰੋਕ ਲਗਾਉਣ ਲਈ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਅਸ਼ੋਕ ਬਾਂਠ ਨੇ ਕਿਹਾ ਕਿ ਸੂਬੇ ਅੰਦਰ ਭਾਜਪਾ ਦਾ ਪਰਿਵਾਰ ਦਿਨ ਪ੍ਰਤੀ ਦਿਨ ਵੱਡਾ ਹੋ ਰਿਹਾ ਹੈ ਤੇ ਪੰਜਾਬ ਦੇ ਸੂਝਵਾਨ ਲੀਡਰ ਪੰਜਾਬ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਇਸੇ ਤਰ੍ਹਾਂ ਬਲਾਚੌਰ ਹਲਕੇ ਵਿੱਚ ਵੀ ਭਾਜਪਾ ਤੇਜ਼ੀ ਨਾਲ਼ ਮਜਬੂਤ ਹੋ ਰਹੀ ਹੈ। ਉਹਨਾਂ ਕਿਹਾ ਕਿ ਬਲਾਚੌਰ ਹਲਕੇ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਭਾਜਪਾ ਨੂੰ ਸ਼ਾਨਦਾਰ ਜਿੱਤ ਦਵਾਉਣ ਲਈ ਮਨ ਬਣਾ ਚੁਕੇ ਹਨ।