ਸ਼ਹਿਰ ਵਾਸੀਆਂ ਵੱਲੋ ਕੱਪੜੇ, ਜੁੱਤੇ ਅਤੇ ਹੋਰ ਸਾਮਾਨ ਕਰਵਾਇਆ ਜਾ ਸਕਦਾ ਹੈ ਜਮ੍ਹਾਂ : ਮੇਅਰ ਸੁਰਿੰਦਰ ਕੁਮਾਰ
ਹੁਸ਼ਿਆਰਪੁਰ,(ਰਾਜਦਾਰ ਟਾਇਮਸ) : ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀ ਟੀਮ ਵੱਲੋੰ ‘ਮੇਰੀ ਲਾਈਫ ਮੇਰਾ ਸਵੱਛ ਸ਼ਹਿਰ’ ਮੁਹਿੰਮ ਤਹਿਤ ਸ਼ਹਿਰ ਹੁਸ਼ਿਆਰਪੁਰ ਵਿੱਚ ਵਰਧਮਾਨ ਯਾਰਨਜ਼ ਐਂਡ ਥਰੈੱਡਜ਼ ਫੈਕਟਰੀ, ਫੋਕਲ ਪੁਆਇੰਟ ਵਿਖੇ ਆਰ. ਆਰ. ਆਰ ਸੈਂਟਰ ਖੋਲਿ੍ਹਆ ਗਿਆ। ਇਸ ਸੈਂਟਰ ਵਿੱਚ ਸ਼ਹਿਰ ਵਾਸੀਆਂ ਵੱਲੋ ਕੱਪੜੇ, ਜੁੱਤੇ ਅਤੇ ਹੋਰ ਸਾਮਾਨ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਮੇਅਰ ਨੇ ਸੁਰਿੰਦਰ ਕੁਮਾਰ ਨੇ ਦੱਸਿਆ ਗਿਆ ਕਿ ਅਜਿਹੇ ਸੈਂਟਰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਹਿਰ ਵਿੱਚ ਖੋਲ੍ਹੇ ਜਾਣਗੇ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਨੂੰ ਇਹ ਵਸਤਾਂ ਦੇ ਕੇ ਸਹੀ ਢੰਗ ਨਾਲ ਪ੍ਰਬੰਧਨ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਈ ਵੀ ਜਰੂਰਤਮੰਦ ਵਿਅਕਤੀ ਇਨ੍ਹਾਂ ਸੈਂਟਰਾਂ ਤੋਂ ਉਨ੍ਹਾਂ ਦੇ ਲੋੜ ਦੀ ਵਸਤੂ ਬਿਨਾਂ ਪੈਸਿਆਂ ਤੋਂ ਲਿਜਾ ਸਕਦਾ ਹੈ। ਇਹ ਮੁਹਿੰਮ ਜਰੂਰਤਮੰਦਾਂ ਦੀ ਮਦਦ ਦੇ ਨਾਲ-ਨਾਲ ਲੋਕਾਂ ਵਿੱਚ ਕੁਦਰਤ ਪ੍ਰਤੀ ਜਾਗਰੂਕਤਾ ਦੀ ਭਾਵਨਾ ਪੈਦਾ ਕਰੇਗੀ।
ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਖੇ ਲੋਕ ਵਰਤੋਂ ਕੀਤੀਆਂ ਹੋਈਆਂ ਚੀਜਾਂ ਜਿਵੇਂ ਕਿ ਕੱਪੜੇ, ਜੁੱਤੇ, ਚੱਪਲ, ਬੈਗ, ਖਿਡੌਣੇ, ਕਿਤਾਬਾਂ ਅਤੇ ਹੋਰ ਸਟੇਸ਼ਨਰੀ, ਇਲੈਕਟ੍ਰੋਨਿਕ ਸਾਮਾਨ, ਭਾਂਡੇ, ਕੰਟੇਨਰ ਆਦਿ ਜਮ੍ਹਾਂ ਕਰਵਾ ਸਕਣਗੇ। ਇਨ੍ਹਾਂ ਸੈਂਟਰਾਂ ਵਿੱਚ ਜਮ੍ਹਾਂ ਕੀਤੇ ਹੋਏ ਸਾਮਾਨ ਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਸਾਮਾਨ ਜਮ੍ਹਾਂ ਕਰਵਾਉਣ ਆਏ ਲੋਕਾਂ ਨੂੰ ਖਾਦ ਦਿੱਤੀ ਜਾਵੇਗੀ। ਇਹ ਸੈਂਟਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਇਲਾਵਾ ਸਕੂਲਾਂ/ਕਾਲਜਾਂ ਅਤੇ ਕਮਰਸ਼ੀਅਲ ਅਦਾਰਿਆਂ ਵਿੱਚ ਬਣਾਉਣ ਦੀ ਤਜ਼ਵੀਜ ਦਿੱਤੀ ਜਾਵੇਗੀ ਅਤੇ ਵਾਤਾਵਰਣ ਦਿਵਸ ਤੱਕ ਇਸ ਮੁਹਿੰਮ ਅਧੀਨ ਵੱਖ-ਵੱਖ ਗਤੀਵਿਧੀਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀ ਟੀਮ ਵਲੋਂ ਸਵੱਛ ਭਾਰਤ ਮਿਸ਼ਨ ਅਤੇ ਐਨ.ਜੀ.ਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਦੀਆਂ ਹਦਾਇਤਾਂ ਅਨੁਸਾਰ ਦਫਤਰ ਨਗਰ ਨਿਗਮ ਵਿਖੇ ਲੱਗੇ ਦਰੱਖਤਾਂ ਅਤੇ ਰੁੱਖਾਂ ਦੇ ਆਲੇ-ਦੁਆਲੇ ਲੱਗੀਆਂ ਟਾਈਲਾਂ ਅਤੇ ਸੀਮੰਟ ਦੀਆਂ ਸੈਲਫਾਂ ਆਦਿ ਨੂੰ ਦਰੱਖਤਾਂ ਅਤੇ ਪੌਦਿਆਂ ਤੋਂ ਕਰੀਬ ਇਕ ਮੀਟਰ ਦੀ ਦੂਰੀ ਤੱਕ ਤੁੜਵਾਇਆ ਗਿਆ, ਜਿਸ ਨਾਲ ਪੌਦਿਆਂ ਅਤੇ ਦਰੱਖਤਾਂ ਦਾ ਚੰਗੇ ਤਰੀਕੇ ਨਾਲ ਵਾਧਾ ਹੋ ਸਕੇਗਾ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਵਿਚ ਸਹਾਇਤਾ ਮਿਲੇਗੀ।