ਜਨਤਕ ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਵਿਧਾਇਕ ਡਾ. ਰਵਜੋਤ ਸਿੰਘ ਅਤੇ ਡੀ. ਸੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਭੂੰਗਾ ਬਲਾਕ ਦੇ ਪਿੰਡ ਕਪਾਹਟ ਵਿਖੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਕੀਤਾ ਗਿਆ ਨਿਪਟਾਰਾ

ਸਮੂਹ ਵਿਭਾਗਾਂ ਦੇ ਅਧਿਕਾਰੀ ਕੈਂਪ ਦੌਰਾਨ ਰਹੇ ਮੌਜੂਦ

ਭੂੰਗਾ,(ਰਾਜਦਾਰ ਟਾਇਮਸ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਲੋਕਾਂ ਦੀਆਂ ਬਰੂਹਾਂ ’ਤੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਸਰਕਾਰ ਤੁਹਾਡੇ ਦੁਆਰ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਬਲਾਕ ਭੂੰਗਾ ਦੇ ਪਿੰਡ ਕਪਾਹਟ ਵਿਖੇ ਜਨਤਕ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ। ਇਸ ਦੌਰਾਨ ਵਿਧਾਇਕ ਸ਼ਾਮਚੁਰਾਸੀ ਡਾ.ਰਵਜੋਤ ਸਿੰਘ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਜ਼ਿਆਦਾਤਰ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਇਨ੍ਹਾਂ ਪਿੰਡਾਂ ਵਿਚ ਕਪਾਹਟ ਤੋਂ ਇਲਾਵਾ ਮੁਸਤਾਪੁਰ, ਅਰਨਿਆਲਾ ਸ਼ਾਹਪੁਰ, ਮਹਿੰਗਰੋਵਾਲ, ਤੱਖਣੀ, ਰਹਿਮਾਪੁਰ, ਜਨੌਰੀ, ਸ਼ਾਹਪੁਰ, ਡੰਡੋਹ ਅਤੇ ਢੱਕੀ ਸ਼ਾਮਲ ਸਨ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਮੁਲਤਾਨੀ, ਤਹਿਸੀਲਦਾਰ ਰਜਿੰਦਰ ਸਿੰਘ, ਸਰਪੰਚ ਕਪਾਹਟ ਮੀਨਾ ਕੁਮਾਰੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਵਿਧਾਇਕ ਡਾ.ਰਵਜੋਤ ਸਿੰਘ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਸੂਬੇ ਦੇ ਵੱਖ-ਵੱਖ ਪਿੰਡਾਂ ਵਿਚ ਇਸ ਤਰ੍ਹਾਂ ਦੇ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾ ਰਹੇ ਹਨ, ਜਿਥੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਅੱਜ ਇਥੇ ਲਗਾਏ ਗਏ ਕੈਂਪ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਜ਼ਿਲ੍ਹੇ ਦੇ ਸਾਰੇ ਵਿਭਾਗ ਮੌਜੂਦ ਸਨ।ਇਸ ਤਰ੍ਹਾਂ ਦੇ ਸ਼ਿਕਾਇਤ ਨਿਵਾਰਨ ਕੈਂਪਾਂ ਰਾਹੀਂ ਸਾਰੇ ਵਿਭਾਗਾਂ ਦੇ ਅਧਿਕਾਰੀ ਲੋਕਾਂ ਕੋਲ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਦੌਰਾਨ ਦੱਸਿਆ ਕਿ ਅੱਜ ਦੇ ਸ਼ਿਕਾਇਤ ਨਿਵਾਰਨ ਕੈਂਪ ਵਿਚ ਜ਼ਿਆਦਾਤਰ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਜਿਨ੍ਹਾਂ ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ ਨਹੀਂ ਹੋਇਆ, ਉਨ੍ਹਾਂ ਨੂੰ ਜਲਦ ਹੀ ਸਬੰਧਤ ਵਿਭਾਗਾਂ ਵਲੋਂ ਹੱਲ ਕੀਤਾ ਜਾਵੇਗਾ।ਜ਼ਿਲ੍ਹੇ ਵਿਚ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਹੀ ਬਿਨੈ ਪੱਤਰ ਪ੍ਰਾਪਤ ਕਰਕੇ ਉਚਿਤ ਕਾਰਵਾਈ ਕੀਤੀ ਗਈ।