ਮੀਟਿੰਗਾਂ ਤੇ ਰੈਲੀਆਂ ਸਬੰਧਤ ਨਿਰਧਾਰਿਤ ਥਾਂ ਦੀ 50 ਫ਼ੀਸਦੀ ਸਮਰੱਥਾ ਨਾਲ ਹੋ ਸਕਣਗੀਆਂ
ਪਦਯਾਤਰਾ ਮਿੱਥੀ ਗਿਣਤੀ ਅਤੇ ਰਿਟਰਨਿੰਗ ਅਫ਼ਸਰ ਦੀ ਆਗਿਆ ਅਨੁਸਾਰ
ਕੋਵਿਡ ਸਾਵਧਾਨੀਆਂ ਦੀ ਪਾਲਣਾ ਜ਼ਰੂਰੀ
ਨਵਾਂਸ਼ਹਿਰ,(ਜਤਿੰਦਰ ਪਾਲ ਕਲੇਰ): ਚੋਣ ਕਮਿਸ਼ਨ ਵੱਲੋਂ ਕੋਵਿਡ ਪਾਬੰਦੀਆਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਨੇ ਆਪਣੇ 6 ਫ਼ਰਵਰੀ ਦੇ ਫ਼ੌਜਦਾਰੀ ਜ਼ਾਬਤਾ ਦੀ ਧਾਰਾ 144 ਅਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਤਹਿਤ ਤਹਿਤ ਕੀਤੇ ਹੁਕਮਾਂ ਤੋਂ ਬਾਅਦ 13 ਫ਼ਰਵਰੀ ਨੂੰ ਨਵੇਂ ਹੁਕਮ ਜਾਰੀ ਕੀਤੇ ਹਨ।ਇਨ੍ਹਾਂ ਨਵੇਂ ਹੁਕਮਾਂ ਅਨੁਸਾਰ ਚੋਣ ਪ੍ਰਚਾਰ ’ਤੇ ਪਾਬੰਦੀ ਦਾ ਸਮਾਂ ਰਾਤ 8 ਤੋਂ ਸਵੇਰੇ 8 ਵਜੇ ਦੀ ਬਜਾਏ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੋਵੇਗਾ ਬਸ਼ਰਤੇ ਸਿਆਸੀ ਪਾਰਟੀਆਂ ਤੇ ਉਮੀਦਵਾਰ ਕੋਵਿਡ-19 ਤਹਿਤ ਸਾਵਧਾਨੀਆਂ ਦੀ ਪਾਲਣਾ ਕਰਨ।ਸਿਆਸੀ ਪਾਰਟੀਆਂ/ਉਮੀਦਵਾਰ ਪੂਰਵ-ਨਿਰਧਾਰਿਤ ਸਥਾਨਾਂ ’ਤੇ ਹੁਣ ਸਥਾਨ ਦੀ 50 ਫ਼ੀਸਦੀ ਸਮਰੱਥਾ ਅਨੁਸਾਰ ਮੀਟਿੰਗ/ਰੈਲੀ ਕਰ ਸਕਣੇ ਪਰੰਤੂ ਕੋਵਿਡ-19 ਸਾਵਧਾਨੀਆਂ ਦੀ ਪਾਲਣਾ ਨਾਲ ਕੋਈ ਸਮਝੌਤਾ ਕਰਨ ਦੀ ਆਗਿਆ ਨਹੀਂ ਹੋਵੇਗੀ।ਪਦਯਾਤਰਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਵੱਲੋਂ ਨਿਰਧਾਰਿਤ ਗਿਣਤੀ ਪਰ ਉਹ ਵੀ ਐਸਡੀਐਮ-ਕਮ ਰਿਟਰਨਿੰਗ ਅਫ਼ਸਰ ਦੀ ਪੂਰਵ ਪ੍ਰਵਾਨਗੀ ਦੇ ਆਧਾਰ ’ਤੇ ਹੋ ਸਕੇਗੀ।ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਪ੍ਰਬੰਧਕ ਅਤੇ ਸਬੰਧਤ ਰਾਜਨੀਤਕ ਪਾਰਟੀਆਂ ਉਕਤ ਸਾਰੀਆਂ ਸ਼ਰਤਾਂ ਅਤੇ ਪਾਬੰਦੀਆਂ ਦੀ ਪਾਲਣਾ ਕਰਦੇ ਹੋਏ।ਇਸ ਗੱਲ ਨੂੰ ਯਕੀਨੀ ਬਣਾਉਣਗੀਆਂ ਕਿ ਮੀਟਿੰਗਾਂ/ਰੈਲੀਆਂ ਵਿੱਚ ਸ਼ਾਮਿਲ ਹੋਣ ਵਾਲੇ ਕੋਵਿਡ-19 ਸਾਵਧਾਨੀਆਂ ਤੇ ਪਾਬੰਦੀਆਂ ਨੂੰ ਯਕੀਨੀ ਬਣਾਉਣ।ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ ਹੋਣ ’ਤੇ ਪ੍ਰਬੰਧਕ ਜ਼ਿੰਮੇਂਵਾਰ ਹੋਣਗੇ ਅਤੇ ਉਨ੍ਹਾਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਦੀ ਧਾਰਾ 51 ਤੋਂ 60 ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 188 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ।