ਖੇਤੀ ਦੀ ਪ੍ਰਫੁੱਲਿਤਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਗੁਰਮੀਤ ਸਿੰਘ ਖੁੱਡੀਆਂ
ਖੇਤੀਬਾੜੀ ਮੰਤਰੀ ਨੇ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਦੇ ਸਥਾਪਨਾ ਦਿਵਸ ਸਮਾਗਮ ਵਿਚ ਕੀਤੀ ਸ਼ਿਰਕਤ
ਟਾਂਡਾ,(ਰਾਜਦਾਰ ਟਾਇਮਸ): ਖੇਤੀ ਦੀ ਪ੍ਰਫੁੱਲਿਤਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ।ਇਹ ਪ੍ਰਗਟਾਵਾ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਟਾਂਡਾ ਨੇੜੇ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਵਿਖੇ ਆਸ਼ਰਮ ਦੇ 4 ਸਾਲਾ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖਮੰਤਰੀ ਵਲੋਂ ਉਨ੍ਹਾਂ ਨੂੰ ਖੇਤੀਬਾੜੀ ਦੇ ਅਹਿਮ ਮਹਿਕਮੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨਗੇ।ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਕਿਸਾਨਾਂ ਤੋਂ ਇਲਾਵਾ ਮਜ਼ਦੂਰ ਅਤੇ ਆੜ੍ਹਤੀਏ ਵੀ ਜੁੜੇ ਹੋਏ ਹਨ, ਜਿਨ੍ਹਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਫੂਡ ਪ੍ਰੋਸੈਸਿੰਗ ਦੇ ਛੋਟੇ-ਛੋਟੇ ਯੂਨਿਟ ਸਥਾਪਿਤ ਕੀਤੇ ਜਾਣਗੇ।ਇਸ ਤੋਂ ਇਲਾਵਾ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ ਫਾਰਮਿੰਗ ਅਤੇ ਮੱਛੀ ਪਾਲਣ ਆਦਿ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਜ਼ਮੀਨੀ ਪੱਧਰ ’ਤੇ ਲਾਭ ਦੇਣ ਲਈ ਵੱਡੀ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ।ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਦੇ ਪ੍ਰਬੰਧਕ ਪੱਡਾ ਪਰਿਵਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵਲੋਂ ਬਜ਼ੁਰਗਾਂ ਅਤੇ ਨਿਆਸਰਿਆਂ ਲਈ ਕੀਤੀ ਜਾ ਰਹੀ ਸੇਵਾ ਬੇਹੱਦ ਅਹਿਮ ਹੈ।ਬਜ਼ੁਰਗਾਂ ਨੂੰ ਇਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਆਪਣੇ ਸਮਝ ਕੇ ਦਿੱਤਾ ਜਾ ਰਿਹਾ ਪਿਆਰ ਆਪਣੇ-ਆਪ ਵਿਚ ਇਕ ਮਿਸਾਲ ਹੈ।
ਉਨ੍ਹਾਂ ਇਸ ਕੰਮ ਲਈ ਕੈਨੇਡਾ ਰਹਿੰਦੇ ਪੱਡਾ ਪਰਿਵਾਰ ਦੇ ਸੁਖਮਿੰੰਦਰ ਸਿੰਘ ਪੱਡਾ, ਹਰਜਿੰਦਰ ਸਿੰਘ ਪੱਡਾ ਅਤੇ ਜਵਾਹਰ ਸਿੰਘ ਪੱਡਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਦੌਰਾਨ ਆਸ਼ਰਮ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਗੁਰੂ ਨਾਨਕ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਪੱਡਾ, ਡਾ.ਕੇਵਲ ਸਿੰਘ ਕਾਜਲ, ਡੀਐਸਪੀ ਕੁਲਵੰਤ ਸਿੰਘ, ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ.ਗੁਰਦੇਵ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਹਰੂਨ ਰਤਨ, ਖੇਤੀਬਾੜੀ ਵਿਕਾਸ ਅਫ਼ਸਰ ਡਾ.ਕਿਰਨਦੀਪ ਸਿੰਘ, ਡਾ.ਲਵਪ੍ਰੀਤ ਸਿੰਘ ਪਾਬਲਾ, ਸਰਪੰਚ ਹਰਦਿਆਲ ਸਿੰਘ, ਸਾਬਕਾ ਸਰਪੰਚ ਹਰਵਿੰਦਰ ਸਿੰਘ, ਮਨਜੋਤ ਸਿੰਘ ਤਲਵੰਡੀ, ਜਵਾਹਰ ਖੁਰਾਣਾ, ਗੁਰਵੀਰ ਚੌਟਾਲਾ, ਦਵਿੰਦਰ ਸਿੰਘ ਮੂਨਕ, ਸੁਧੀਰ ਸੋਂਧੀ, ਹਰਵਿੰਦਰ ਓਹੜਪੁਰੀ, ਨੰਬਰਦਾਰ ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਦੇਹਰੀਵਾਲ, ਸੁਖਵੀਰ ਸਿੰਘ ਚੌਹਾਨ, ਕਰਨੈਲ ਸਿੰਘ ਮਾਲਵਾ, ਡਾ.ਰਣਜੀਤ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਇਸ ਦੌਰਾਨ ਖੇਤੀਬਾੜੀ ਮੰਤਰੀ ਨੂੰ ਪੀਡਬਲਿਊਡੀ ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੁਲਿਸ ਦੀ ਟੁਕੜੀ ਵਲੋਂ ਸ਼ਾਨਦਾਰ ਗਾਰਡ ਆਫ਼ ਆਨਰ ਦਿੱਤਾ ਗਿਆ।ਜਿਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸਐਸਪੀ ਸਰਤਾਜ ਸਿੰਘ ਚਾਹਲ ਅਤੇ ਐਸਡੀਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਵੀ ਮੌਜੂਦ ਰਹੇ।