ਡੀਸੀ ਨੇ ਇਮਾਰਤ ਦਾ ਜਾਇਜ਼ਾ ਲਿਆ
ਅਧਿਕਾਰੀਆਂ ਨੂੰ ਇੱਕ ਹਫ਼ਤੇ ਵਿੱਚ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ
ਨਵਾਂਸ਼ਹਿਰ/ਬੰਗਾ,(ਜਤਿੰਦਰ ਪਾਲ ਸਿੰਘ ਕਲੇਰ): ਜ਼ਿਲ੍ਹੇ ਵਿੱਚ ਹੁਨਰ ਵਿਕਾਸ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਮਹਾਨ ਸ਼ਹੀਦ, ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੁਨਰ ਵਿਕਾਸ ਕੇਂਦਰ ਕਮ ਕੋਚਿੰਗ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ।ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਨੇੜੇ ਕਮਿਊਨਿਟੀ ਹਾਲ ਦੀ ਇਮਾਰਤ ਦਾ ਜਾਇਜ਼ਾ ਲੈਂਦਿਆਂ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਕੇਂਦਰ ਹੁਨਰ ਵਿਕਾਸ ਸਿਖਲਾਈ, ਸਨਅਤੀ ਅਤੇ ਸਵੈ ਰੋਜ਼ਗਾਰ ਨਾਲ ਸਬੰਧਤ ਕਿੱਤਾਮੁਖੀ ਸਿਖਲਾਈ ਦੇ ਕੋਰਸਾਂ ‘ਤੇ ਜ਼ੋਰ ਦੇਵੇਗਾ।ਉਨ੍ਹਾਂ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਦੀਆਂ ਤਕਨੀਕੀ ਅਤੇ ਹੁਨਰੀ ਯੋਗਤਾਵਾਂ ਨੂੰ ਨਿਖਾਰਨ ਵਿੱਚ ਸਹਾਈ ਹੋਵੇਗਾ, ਜਿਸ ਨਾਲ ਉਹ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਾਪਤ ਕਰ ਸਕਣਗੇ ਅਤੇ ਸਵੈ-ਨਿਰਭਰ ਵੀ ਬਣ ਸਕਣਗੇ।
ਉਨ੍ਹਾਂ ਕਿਹਾ ਕਿ ਕੇਂਦਰ, ਨੇੜਲੇ ਖੇਤਰਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਰੰਧਾਵਾ ਨੇ ਕਿਹਾ ਕਿ ਅਜਿਹੇ ਕੋਰਸਾਂ ਰਾਹੀਂ ਮਿਆਰੀ ਸਿਖਲਾਈ ਦੇ ਕੇ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗ ਦੇ ਨੌਜਵਾਨਾਂ ਨੂੰ ਸਵੈ ਨਿਰਭਰ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਹੁਨਰੀ ਸਿਖਲਾਈ ਤੋਂ ਇਲਾਵਾ ਕੇਂਦਰ ਵਿੱਚ ਨੌਜਵਾਨਾਂ ਨੂੰ ਕਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਉੱਦਮਤਾ ਵਿਕਾਸ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੀਆਂ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਤਾਂ ਜੋ ਇਸ ਸੈਂਟਰ ਨੂੰ ਜਲਦੀ ਖੋਲ੍ਹਿਆ ਜਾ ਸਕੇ।ਇਸ ਮੌਕੇ ਆਪ ਦੇ ਬੰਗਾ ਤੋਂ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ, ਏ.ਡੀ.ਸੀਜ਼ ਜਸਬੀਰ ਸਿੰਘ, ਅਮਿਤ ਸਰੀਨ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਆਦਿ ਹਾਜ਼ਰ ਸਨ।