ਭਵਾਨੀਗੜ੍ਹ,(ਵਿਜੈ ਗਰਗ): ਵਿਸ਼ਵਕਰਮਾ ਮੰਦਰ ਵਿਖੇ ਸਾਲਾਨਾ ਸਮਾਗਮ ਵਿੱਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣਾ ਸੀ, ਪਰ ਇਸ ਦੀ ਭਿਣਕ ਪੈਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਮੁੱਖ ਮਾਰਗ ਤੇ ਖੜ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਕਾਰਣ ਸਿੰਗਲਾ ਨੂੰ ਐਨ ਮੌਕੇ ਤੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਰੋਸ਼ ਧਰਨੇ ਵਿੱਚ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ,ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ,ਗੁਰਦੇਵ ਸਿੰਘ ਆਲੋਅਰਖ ਅਤੇ ਗੁਰਮੇਲ ਕੌਰ ਨੇ ਕਿਹਾ ਕਿ ਨਰਮੇ ਦੀ ਫਸਲ ਦੇ ਗੁਲਾਬੀ ਸੁੰਡੀ ਕਾਰਣ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਾ ਦੇਣ ਦੇ ਰੋਸ਼ ਵਜੋਂ ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਵੱਲੋਂ ਸੂਬੇ ‘ਚ ਕਾਂਗਰਸ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਪ੍ਰੋਗਰਾਮਾਂ ‘ਚ ਪਹੁੰਚ ਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸੇ ਤਹਿਤ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਸਿੰਗਲਾ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਨਰਮੇ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਮੰਤਰੀਆਂ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਣਗੇ।