ਰਾਮਾਂ ਮੰਡੀ,(ਬਲਵੀਰ ਬਾਘਾ); ਪੰਜਾਬ ਵਿਧਾਨ ਸਭਾ-2022 ਚੋਣਾਂ ਵਿੱਚ ਥੋੜ੍ਹਾ ਹੀ ਸਮਾਂ ਰਹਿਣ ਕਾਰਨ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਮੈਦਾਨ ਦਿਨੋ-ਦਿਨ ਭਖਦਾ ਜਾ ਰਿਹਾ ਹੈ।ਚੋਣ ਮੈਦਾਨ ਵਿੱਚ ਉੱਤਰਨ ਵਾਲੇ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ।ਅਕਾਲੀ ਦਲ(ਬ)- ਬਸਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਵੱਲੋਂ ਬਾਜੀ ਮਾਰਦਿਆਂ ਰੋਜਾਨਾ ਵੱਖ-ਵੱਖ ਹਲਕਿਆਂ ਵਿੱਚ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਲੇਕਿਨ ਕਾਂਗਰਸ, ਭਾਜਪਾ ਇਸ ਮਾਮਲੇ ਵਿੱਚ ਪਿਛੜਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਜੇਕਰ ਹਲਕਾ ਤਲਵੰਡੀ ਸਾਬੋ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਅਤੇ ਅਕਾਲੀ ਦਲ-ਬਸਪਾ ਦੇ ਉਮੀਦਵਾਰ ਸ.ਜੀਤ ਮਹਿੰਦਰ ਸਿੰਘ ਸਿੱਧੂ ਹਨ। ਅਜੇ ਤੱਕ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਹੈ।ਅਗਾਮੀ ਚੋਣਾਂ ਦੇ ਮੱਦੇਨਜ਼ਰ ਬੇਸ਼ੱਕ ਅਕਾਲੀ ਦਲ-ਬਸਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਦੂਜੇ ਪਾਸੇ ਹਲਕਾ ਤਲਵੰਡੀ ਸਾਬੋ ਦੇ ਵੋਟਰਾਂ ਦੀ ਨਜ਼ਰ ਕਾਂਗਰਸ ਅਤੇ ਭਾਜਪਾ ਵੱਲੋਂ ਐਲਾਨੇ ਜਾਣ ਵਾਲੇ ਉਮੀਦਵਾਰਾਂ ਉੱਪਰ ਟਿਕੀ ਹੋਈ ਹੈ। ਇਨ੍ਹਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਸੰਬੰਧੀ ਤਰ੍ਹਾਂ-ਤਰ੍ਹਾਂ ਦੀਆਂ ਕਿਆਸ ਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ।ਇਨ੍ਹਾਂ ਦੋਵਾਂ ਪਾਰਟੀਆਂ ਨੂੰ ਬਿਨ੍ਹਾਂ ਦੇਰੀ ਕੀਤੇ ਹਲਕੇ ਦੇ ਉਮੀਦਵਾਰਾਂ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਤਾਂ ਕਿ ਪਾਰਟੀਆਂ ਦੇ ਉਮੀਦਵਾਰਾਂ ਵਾਂਗ ਇਹ ਉਮੀਦਵਾਰ ਵੀ ਆਪਣੇ-ਆਪਣੇ ਹਲਕੇ ’ਚ ਸਰਗਰਮੀਆਂ ਸ਼ੁਰੂ ਕਰ ਸਕਣ।