ਹੁਸ਼ਿਆਰਪੁਰ, : ਜ਼ਮੀਨਦੋਜ਼ ਪਾਣੀ ਨੂੰ ਸੰਭਾਲਣ ਅਤੇ ਵਾਤਾਵਰਣ ਪੱਖੀ ਖੇਤੀ ਲਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਆਉਣ ਵਾਲੀ ਸਾਉਣੀ ਦੌਰਾਨ ਝੋਨੇ ਦੀ ਕਾਸ਼ਤ ਲਈ ਅਗੇਤੀ ਪਨੀਰੀ ਦੀ ਬਿਜਾਈ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਹਰ ਸਾਲ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਇਸ ਦੀ ਖੇਤਾਂ ਵਿੱਚ ਲਵਾਈ ਸਬੰਧੀ ਮਿਤੀਆਂ ਨਿਰਧਾਰਤ ਕਰਕੇ ਨੋਟੀਫਿਕੇਸ਼ਨ ਕੀਤਾ ਜਾਂਦਾ ਹੈ ਤਾਂ ਜੋ ਝੋਨੇ ਦੀ ਅਗੇਤੀ ਕਾਸ਼ਤ ਨੂੰ ਰੋਕ ਕੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਗੇਤੇ ਲੱਗੇ ਝੋਨੇ ਦੀ ਫਸਲ ਉੱਤੇ ਪਿਛਲੇ ਸਾਲ ਮਧਰੇਪਨਣ ਦੀ ਬਿਮਾਰੀ ਦਾ ਹਮਲਾ ਵੇਖਣ ਵਿੱਚ ਆਇਆ ਸੀ, ਇਸ ਲਈ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਅਗੇਤੇ ਝੋਨੇ ਦੀ ਪਨੀਰੀ ਦੇ ਰੁਝਾਨ ਤੋਂ ਗੁਰੇਜ਼ ਕੀਤਾ ਜਾਵੇ।