ਅਸੀਂ ਬਾਲ ਗਰੀਬਾਂ ਦੇ, ਰੱਬਾ ਤੇਰੇ ਕੱਢਦੇ ਹਾੜੇ
ਸਾਡਾ ਕੋਈ ਵੀ ਦਰਦੀ ਨਾ, ਅਸੀਂ ਹਾਂ ਤਕਦੀਰਾਂ ਦੇ ਮਾਰੇ
ਅਸੀਂ ਰਹਿੰਦੇ ਵਿੱਚ ਝੁੱਗੀਆਂ, ਸਾਡੇ ਲਈ ਇਹੋ ਮਹਿਲ ਮੁਨਾਰੇ
ਅਸੀਂ ਬਾਲ ਗਰੀਬਾਂ ਦੇ, ਰੱਬਾ ਤੇਰੇ ਕੱਢਦੇ ਹਾੜੇ
ਸਾਡਾ ਕੋਈ ਵੀ ਦਰਦੀ ਨਾ, ਅਸੀਂ ਹਾਂ ਤਕਦੀਰਾਂ ਦੇ ਮਾਰੇ
ਜਿਸ ਉਮਰ ਚ ਬੱਚਿਆਂ ਨੂੰ ਮਾਂ ਖੁਦ ਹੱਥੀਂ ਟੁੱਕ ਖਵਾਉਂਦੀ
ਉਸੇ ਉਮਰ ਚ ਢਿੱਡ ਦੀ ਭੁੱਖ ਸਾਡੇ ਤੋਂ ਬਾਲ ਮਜ਼ਦੂਰੀ ਕਰਵਾਉਂਦੀ
ਜੋ ਚੰਗਾ ਖਾ ਪਾ ਕੇ ਵੀ, ਗੱਲ ਗੱਲ ਤੇ ਆਪਣੀਆਂ ਜਿੱਦਾਂ ਪੁਗਾਉਂਦੇ
ਉਹ ਬਾਲ ਕੀ ਜਾਨਣ ਵਿੱਚ ਗਰੀਬੀ, ਅਸੀਂ ਜਿੰਦਗੀ ਕਿਵੇਂ ਬਿਤਾਉਂਦੇ
ਸਾਡਾ ਵੀ ਦਿਲ ਕਰਦਾ ਪੜੀਏ ਲਿਖੀਏ, ਪਰ ਕਰਮ ਨੇ ਸਾਡੇ ਮਾੜੇ
ਅਸੀਂ ਬਾਲ ਗਰੀਬਾਂ ਦੇ, ਰੱਬਾ ਤੇਰੇ ਕੱਢਦੇ ਹਾੜੇ
ਸਾਡਾ ਕੋਈ ਵੀ ਦਰਦੀ ਨਾ, ਅਸੀਂ ਹਾਂ ਤਕਦੀਰਾਂ ਦੇ ਮਾਰੇ
ਹੋਵਣ ਤਨ ਤੇ ਲੀਰਾਂ ਫਟੀਆਂ, ‘ਤੇ ਧੁੱਪੇ ਪੈਰ ਨੇ ਸਾਡੇ ਸੜਦੇ
ਅਸੀਂ ਕੀ ਪੜਨਾ ਲਿਖਣਾ, ਟੁੱਟ ਭੱਜ ਫਿਰੀਏ ਇਕੱਠੀ ਕਰਦੇ
ਜੋ ਉਮਰ ਹੈ ਖੇਡਣ ਦੀ, ਉਸ ਵਿੱਚ ਫਿਰੀਏ ਮਾਰੇ ਮਾਰੇ
ਅਸੀਂ ਬਾਲ ਗਰੀਬਾਂ ਦੇ, ਰੱਬਾ ਤੇਰੇ ਕੱਢਦੇ ਹਾੜੇ
ਸਾਡਾ ਕੋਈ ਵੀ ਦਰਦੀ ਨਾ, ਅਸੀਂ ਹਾਂ ਤਕਦੀਰਾਂ ਦੇ ਮਾਰੇ
ਇਕ ਅਰਜ਼ ਸੁਣੀ ਰੱਬਾ, ਗਰੀਬੀ ਨਾ ਕਦੇ ਕਿਸੇ ਨੂੰ ਦੇਵੀਂ
ਕਿਸੇ ਬਾਲ ਨੂੰ ਕਦੇ ਵੀ ਨਾ, ਕਰਨੀ ਪਵੇ ਬਾਲ ਮਜ਼ਦੂਰੀ
ਇਹ ਗਰੀਬ ਅਮੀਰ ਵਾਲੇ, ਸਦਾ ਲਈ ਮੁੱਕ ਜਾਵਣ ਸਭ ਪਾੜੇ
ਅਸੀਂ ਬਾਲ ਗਰੀਬਾਂ ਦੇ, ਰੱਬਾ ਤੇਰੇ ਕੱਢਦੇ ਹਾੜੇ
`ਪਰਮ` ਸਾਡਾ ਕੋਈ ਵੀ ਦਰਦੀ ਨਾ, ਅਸੀਂ ਹਾਂ ਤਕਦੀਰਾਂ ਦੇ ਮਾਰੇ        
ਪਰਮਜੀਤ ਕੌਰ ਭੁਲਾਣਾ।