ਹੁਸ਼ਿਆਰਪੁਰ, ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਭਾਸ਼ਾ ਮੰਚ ਐੱਸ.ਡੀ ਕਾਲਜ ਦੇ ਸਹਿਯੋਗ ਨਾਲ ਕਾਲਜ਼ ਵਿੱਚ ਡਾ.ਚਰਨ ਪੁਸ਼ਪਿੰਦਰ ਸਿੰਘ ਉਰਫ਼ ਸਾਵਲ ਧਾਮੀ ਨਾਲ ਰੂ—ਬ—ਰੂ ਸਮਾਗਮ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਪ੍ਰਿੰ.ਡਾ.ਨੰਦ ਕਿਸ਼ੋਰ, ਡਾ.ਜਸਵੰਤ ਰਾਏ ਖੋਜ ਅਫ਼ਸਰ, ਡਾ.ਸੁਰਿੰਦਰ ਪਾਲ ਸਿੰਘ ਕੰਗ, ਡਾਇਰੈਕਟਰ ਮੈਡਮ ਅਤੇ ਕਾਲਜ ਮੈਨੇਜਮੈਂਟ ਕਮੇਟੀ ਵਲੋਂ ਕੀਤੀ ਗਈ।ਡਾ.ਗੁਰਚਰਨ ਸਿੰਘ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਸ਼ਬਦ ਆਖਦਿਆਂ ਸਾਵਲ ਧਾਮੀ ਦੀਆਂ ਕਹਾਣੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਵਲ ਦੀਆਂ ਕਹਾਣੀਆਂ ਮਾਨਸਿਕ ਦਵੰਦਾਂ, ਰਿਸ਼ਤਿਆਂ ਦੀ ਟੁੱਟ—ਭੱਜ, ਤਾਰ—ਤਾਰ ਹੋ ਰਹੀਆਂ ਕਦਰਾਂ ਕੀਮਤਾਂ, ਅਤੀਤ ਅਤੇ ਵਰਤਮਾਨ ਵਿੱਚ ਸੰਵਾਦ ਰਚਾ ਕੇ ਸੁਚੱਜੇ ਸਬੰਧ ਵਿਕਸਤ ਕਰਨ ਚ ਇੱਕ ਪੁਲ. ਦਾ ਕੰਮ ਕਰਦੀਆਂ ਹਨ। ਡਾ.ਜਸਵੰਤ ਰਾਏ ਨੇ ਕਿਹਾ ਕਿ ਭਾਸ਼ਾ ਵਿਭਾਗ ਲੇਖਕਾਂ ਦੇ ਰੂ—ਬ—ਰੂ ਰਾਹੀਂ ਲੇਖਕ ਅਤੇ ਪਾਠਕ ਵਿੱਚ ਰਿਸ਼ਤੇ ਦੇ ਨਾਲ ਨਾਲ ਸਾਹਿਤਕ ਮਾਹੌਲ ਨੂੰ ਬੀ ਮਜ਼ਬੁਤ ਕਰਨ ਚ ਸ਼ਿੱਦਤ ਨਾਲ, ਕੰਮ ਕਰ ਰਿਹਾ ਹੈ।ਸਾਵਲ ਧਾਮੀ ਨੇ ਸੰਤਾਲੀ ਦੀ ਵੰਡ ਨੂੰ ਲੈ ਕੇ ਆਮ ਲੋਕਾਂ ਦੀ ਕੀਤੀ ਵੀਡੀਓ ਗ੍ਰਾਫ਼ੀ ਰਾਹੀਂ ਇਸ ਸੰਤਾਪ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਉਸ ਨੇ ਵੰਡ ਦੇ ਦਰਦ ਨਾਲ ਢਿੱਡ ਵਿੱਚ ਵੱਡੇ ਵੱਡੇ ਜ਼ਖ਼ਮ ਲਈ ਬੈਠੇ ਲੋਕਾਂ ਦੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ।ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਰੁੂ—ਬ—ਰੂ ਹੁੰਦਿਆਂ ਸਾਵਲ ਧਾਮੀ ਨੇ ਆਪਣੀ ਕਹਾਣੀ ਬਾਰੇ ਅਤੇ ਖ਼ਾਸ ਕਰਕੇ ਸੰਤਾਲੀ ਨਾਮੇ ਬਾਰੇ ਬੜੇ ਗੰਡੀਰ ਬਿਰਤਾਂਤ ਸਾਂਝੇ ਕੀਤੇ। ਪੰਜਾਬ ਦੀ ਧਰਤੀ ਤੇ ਅਜ਼ਾਦੀ ਸਮੇਂ ਵਾਪਰੀ ਇਸ ਅਣਹੋਣੀ ਦੀਆਂ ਤੰਦਾਂ ਬਾਰੇ ਜਾਣ  ਕੇ ਸੋਰਤਿਆਂ ਚ ਸੁੰਨ ਪਸਰੀ ਰਹੀ।ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਲਗਨ, ਸਿਰੜ ਅਤੇ ਹੌਸਲੇ ਨਾਲ ਖੰਭਾਂ ਚ ਜਾਨ ਭਰ ਕੇ ਅੰਬਰ ਮੱਲਣ ਦੀ ਸਲਾਹ ਦਿੱਤੀ।ਇਸ ਮੌਕੇ ਭਾਸ਼ਾ ਵਿਭਾਗ ਤੇ ਭਾਸ਼ਾ ਮੰਚ ਵਲੋਂ ਸਾਵਲ ਧਾਮੀ, ਡਾ.ਨੰਦ ਕਿਸ਼ੋਰ, ਪ੍ਰੋ.ਕੰਗ, ਡਾ.ਗੁਰਚਰਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਭਾਸ਼ਾ ਵਿਭਾਗ ਵਲੋਂ ਲਾਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ।ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ.ਜਸਵੰਤ ਰਾਏ ਨੇ ਚਲਾਈ।ਇਸ ਸਮੇਂ ਡਾ.ਬਲਵਿੰਦਰ ਕੌਰ, ਜੁਗਲ ਕਿਸ਼ੋਰ, ਸੁਰਿੰਦਰ ਪਾਲ, ਪ੍ਰੋ.ਵਿਪਨ, ਪ੍ਰੋ.ਕਮਲਜੀਤ ਕੌਰ, ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।