ਭਵਾਨੀਗੜ੍ਹ,(ਵਿਜੈ ਗਰਗ): ਸਥਾਨਕ ਵਾਰਡ ਨੰਬਰ 2 ਅਤੇ ਵਾਰਡ ਨੰਬਰ 7 ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੋਣ ਕਾਰਨ ਵਾਰਡ ਵਾਸੀਆਂ ਵੱਲੋਂ ਅੱਜ ਨਗਰ ਕੌਂਸਲ ਦੇ ਦਫਤਰ ਦਾ ਘਿਰਾਓ ਕਰਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ । ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਯੂਥ ਵਿੰਗ ਦੇ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ, ਆਪ ਆਗੂ ਨਰਿੰਦਰ ਕੌਰ ਭਰਾਜ, ਬੁੱਧ ਸਿੰਘ, ਗੁਰਤੇਜ ਸਿੰਘ ਸਾਬਕਾ ਐਮਸੀ, ਅਵਤਾਰ ਸਿੰਘ, ਬਲਦੇਵ ਸਿੰਘ ਬੜਿੰਗ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਸੀਵਰੇਜ ਬੰਦ ਹੋਣ ਕਾਰਣ ਗੰਦਾ ਪਾਣੀ ਗਲੀਆਂ ਤੇ ਸੜਕਾਂ ਵਿੱਚ ਖੜ ਗਿਆ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਐਸਡੀਐਮ ਭਵਾਨੀਗੜ੍ਹ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਨਗਰ ਕੌਂਸਲ ਅਤੇ ਪ੍ਰਸਾਸ਼ਨ ਨੇ ਬੰਦ ਪਏ ਸੀਵਰੇਜ ਨੂੰ ਠੀਕ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਧਰਨਾਕਾਰੀਆਂ ਨੇ ਕਿਹਾ ਕਿ ਅੱਜ ਉਹ ਆਰ ਜਾਂ ਪਾਰ ਕਰਕੇ ਹੀ ਜਾਣਗੇ।
ਇਸੇ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਨੇ ਵਾਰਡ ਵਿੱਚ ਪਹੁੰਚ ਕੇ ਮੌਕਾ ਦੇਖਣ ਉਪਰੰਤ ਕਿਹਾ ਕਿ ਸੀਵਰੇਜ ਖੁਲਵਾਉਣ ਲਈ ਨਗਰ ਕੌਂਸਲ ਵੱਲੋਂ 17 ਲੱਖ 27 ਹਜ਼ਾਰ ਰੁਪਏ ਭਰ ਕੇ ਮਸ਼ੀਨ ਮੰਗਵਾਈ ਗਈ ਹੈ ਅਤੇ ਇਹ ਸਮੱਸਿਆ ਐਤਵਾਰ ਤੱਕ ਹੱਲ ਕਰ ਦਿੱਤੀ ਜਾਵੇਗੀ।