ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਜਨਤਾ ਨੂੰ ਕਈ ਤਰਾਂ ਦੇ ਲੋਭ ਲਾਲਚ ਅਤੇ ਗਰੰਟੀਆਂ ਦੇ ਕੇ ਜਿਸ ਤਰਾਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਉਸ ਤੋਂ ਇਹ ਗੱਲ ਸਪਸ਼ਟ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਦੀ ਮੰਸ਼ਾ ਕੇਵਲ ਸੂਬੇ ਦੀ ਸੱਤਾ ਹਾਸਿਲ ਕਰਕੇ ਲੋਕਾਂ ਦੇ ਟੈਕਸਾਂ ਦੇ ਪੈਸੇ ਤੇ ਪੰਜ ਸਾਲ ਐਸ਼ ਕਰਨਾ ਹੀ ਹੈ ਪੰਜਾਬ ਦੇ ਕੀ ਹਾਲਾਤ ਹਨ ਅਤੇ ਇਸ ਨੂੰ ਮੌਜੂਦਾ ਹਾਲਾਤ ਚੋਂ ਕਿਸ ਤਰਾਂ ਕੱਢਿਆ ਜਾ ਸਕਦਾ ਹੈ ਇਸ ਦਾ ਇਹਨਾਂ ਪਾਰਟੀਆਂ ਕੋਲ ਕੋਈ ਰੋਡਮੈਪ ਨਹੀਂ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ੳੱੁਘੀ ਸਮਾਜ ਸੇਵਿਕਾ ਅਤੇ ਮਹਿਲਾ ਕਿਸਾਨ ਨੇਤਾ ਬੀਬੀ ਹਰਦੀਪ ਕੌਰ ਬਾਜਵਾ ਨੇ ਕਰਦੇ ਹੋਏ ਕਿਹਾ ਕਿ ਐਲਾਨਾਂ ਦੀ ਝੜੀ ਵਿੱਚ ਸਿਆਸੀ ਪਾਰਟੀਆਂ ਵੱਲੋਂ ਜਿਸ ਤਰਾਂ ਇਸਤਰੀ ਜਾਤੀ ਦਾ ਮੁੱਲ ਪਾ ਕੇ ਜੋ ਇਸਤਰੀ ਜਾਤੀ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਉਹ ਇਹਨਾਂ ਸਿਆਸੀ ਪਾਰਟੀਆਂ ਲਈ ਸ਼ਰਮਨਾਕ ਹੈ ਅਤੇ ਸੂਬੇ ਦੀਆਂ ਮਹਿਲਾਵਾਂ ਲਈ ਬਰਦਾਸ਼ਤ ਤੋਂ ਬਾਹਰ ਹੈ।ਸਿਸਟਮ ਨੂੰ ਬਦਲਣ ਦੀਆਂ ਗੱਲਾਂ ਕਰਨ ਵਾਲੀ ਪਾਰਟੀ ‘ਆਮ ਆਦਮੀ ਪਾਰਟੀ’ ਵੱਲੋਂ ਸਭ ਤੋਂ ਪਹਿਲਾਂ ਸੂਬੇ ਦੀਆਂ ਮਹਿਲਾਵਾਂ ਨੂੰ ਇੱਕ ਇੱਕ ਹਜਾਰ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਉਸ ਲੜੀ ਵਿੱਚ ‘ਅਕਾਲੀ ਦਲ-ਬਸਪਾ’ ਗੱਠਜੋੜ ਵੱਲੋਂ ਘਰ ਦੀ ਇੱਕ ਮਹਿਲਾ ਨੂੰ ਦੋ ਹਜਾਰ ਰੁਪਏ ਅਤੇ ‘ਕਾਂਗਰਸ’ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਰ ਮਹਿਲਾ ਨੂੰ ਨੂੰ ਦੋ ਹਜਾਰ ਰੁਪਏ ਅਤੇ ਵਿਿਦਆਰਥਣਾਂ ਨੂੰ ਪੰਜ ਹਜਾਰ ਤੋਂ ਪੰਦਰਾ ਹਜਾਰ ਤੱਕ ਦੇ ਲਾਲਚ ਸਮੇਤ ਸਕੂਟਰੀਆਂ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ ਉਹ ਸ਼ਰਮਨਾਕ ਹੋਣ ਦੇ ਨਾਲ-ਨਾਲ ਹੱਸੋਹੀਣਾ ਵੀ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਹੋਣ ਕਾਰਨ ਸਰਕਾਰ ਦਾ ਐਲਾਨ ਕਰਨਾ ਬਣਦਾ ਹੈ ਨਾ ਕਿ ਵਾਅਦਾ ਕਰਨਾ। ਇਹ ਗੱਲ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਇਹ ਵਾਅਦੇ-ਗਰੰਟੀਆਂ ਕੇਵਲ ਚੁਣਾਵੀ ਜੁਮਲਿਆਂ ਤੋਂ ਵਧ ਕੇ ਕੁਛ ਨਹੀਂ ਹਨ।

ਸਿੱਧੂ ਐਲਾਨਾਂ ਦੀ ਝੜੀ ਲਾਉਂਦੇ ਹੋਏ ਸ਼ਾਇਦ ਇਹ ਗੱਲ ਵੀ ਭੁੱਲ ਗਏ ਹਨ ਕਿ ਆਪਣੀ ਸਰਫੇ ਦੀ ਕਮਾਈ ਨਾਲ ਮਹਿੰਗੀਆਂ ਪੜ੍ਹਾਈਆਂ ਕਰਕੇ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰਕੇ ਨੌਕਰੀਆਂ ਪ੍ਰਾਪਤ ਕਰਨ ਲਈ ਸਾਡੀਆਂ ਲੜਕੀਆਂ ਦਰ-ਦਰ ਖੱਜਲ ਹੋ ਰਹੀਆਂ ਹਨ, ਕਈ ਬੱਚੇ ਨੌਕਰੀਆਂ ਦੇਣ ਤੋਂ ਟਾਲ਼ਾ ਵੱਟੀ ਬੈਠੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਟੈਂਕੀਆਂ-ਟਾਵਰਾਂ ਤੇ ਚੜੇ ਹਨ ਅਤੇ ਮੰਤਰੀਆਂ ਕੋਲ ਜਾ ਕੇ ਨੌਕਰੀ ਮੰਗਣ ਵਾਲੀਆਂ ਲੜਕੀਆਂ ਨੂੰ ਡਾਂਗਾਂ ਲਾਠੀਆਂ ਨਾਲ ਕੁੱਟ ਕੇ ਜਲੀਲ ਕੀਤਾ ਜਾ ਰਿਹਾ ਹੈ। ਐਲਾਨਾਂ ਦੀ ਬਜਾਏ ਗਰੰਟੀਆਂ ਲੈ ਕੇ ਆਏ ਇੱਕ ਪ੍ਰਵਾਸੀ ਪੰਜਾਬੀ ਨੇਤਾ ਵੱਲੋਂ ਪੰਜਾਬ ਦੀ ਭੁਗੋਲਿਕ ਅਤੇ ਆਰਥਿਕ ਸਥਿਤੀ ਨੂੰ ਜਾਣੇ ਬਿਨਾਂ ਜੋ ਐਲਾਨ ਕੀਤੇ ਜਾ ਰਹੇ ਹਨ ਉਸ ਨਾਲ ਤਾਂ ਪੰਜਾਬ ਦੇ ਹਾਲਾਤ ਏਨੇ ਬਦਤਰ ਹੋਣਗੇ ਕਿ ਮਹਿਲਾਵਾਂ ਨੂੰ ਇੱਕ ਹਜਾਰ ਰੁਪਇਆ ਤਾਂ ਦੂਰ ਮੌਜੂਦਾ ਮੁਲਾਜਮਾਂ ਦੀਆਂ ਤਨਖਾਹਾਂ ਵੀ ਦਿੱਤੀਆਂ ਨਹੀਂ ਜਾ ਸਕਣਗੀਆਂ, ਅਤੇ ਪੰਜਾਬ ਦੇ ਵਿਕਾਸ ਤੇ ਵੀ ਬ੍ਰੇਕ ਲੱਗ ਜਾਵੇਗੀ।ਇਹ ਪਾਰਟੀ ਸੂਬੇ ਲਈ ਰਿਵਾਇਤੀ ਪਾਰਟੀਆਂ ਤੋਂ ਵੱਧ ਖਤਰਨਾਕ ਸਾਬਿਤ ਹੋਵੇਗੀ।ਦੇਸ਼ ਦੀ ਸਭ ਤੋਂ ਵੱਡੀ ਜੁਮਲੇਬਾਜ ਅਤੇ ਝੂਠੀ ਪਾਰਟੀ ‘ਭਾਜਪਾ’ ਵੱਲੋਂ ਕਿਹੜੇ ਸਬਜਬਾਗ ਪੰਜਾਬੀਆਂ ਨੂੰ ਦਿਖਾਏ ਜਾਣਗੇ ਇਹ ਅਜੇ ਦੇਖਣਾ ਹੋਵੇਗਾ।ਸਰਕਾਰ ਦੀ ਜਿੰਮੇਵਾਰੀ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਪੈਸੇ ਨਾਲ ਸੂਬੇ ਦੇ ਵਿਕਾਸ ਲਈ ਯੋਜਨਾਵਾਂ ਤਿਆਰ ਕਰਕੇ ਬਿਨਾਂ ਕਿਸੇ ਭੇਦਭਾਵ ਦੇ ਮਿਲਣ ਵਾਲੀਆਂ ਸਹੂਲਤਾਂ ਲੋਕਾਂ ਨੂੰ ਦੇਣਾ ਹੈ ਨਾ ਕਿ ਆਪਣੇ ਲਈ ਵੋਟਾਂ ਇਕੱਠੀਆਂ ਕਰਨ ਲਈ ਲੋਕਾਂ ਨੂੰ ਸੌਗਾਤਾਂ ਵੰਡਣਾ।

     ਸਰਕਾਰ ਵੱਲੋਂ ਬਿਜਲੀ ਸਸਤੀ ਕਰਨਾ ਵੀ ਇੱਕ ਚੋਣ ਸਟੰਟ ਹੀ ਹੈ ਅਤੇ ਇਹ ਯੋਜਨਾ ਦੀ ਮਿਆਦ ਕੇਵਲ ਚਾਲੂ ਵਿੱਤੀ ਵਰ੍ਹੇ ਲਈ ਹੈ ਅਪ੍ਰੈਲ ਤੋਂ ਬਾਅਦ ਪਹਿਲੀਆਂ ਦਰਾਂ ਨਾਲ ਹੀ ਲੋਕਾਂ ਨੂੰ ਬਿਜਲੀ ਬਿੱਲ ਆਉਣਗੇ। ਇਸ ਮੌਕੇ ਤੇ ਬੀਬੀ ਬਾਜਵਾ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਪੰਜਾਬੀਆਂ ਨੂੰ ਅਸਿੱਧੇ ਢੰਗ ਨਲ ਭਿਖਾਰੀ ਐਲਾਨਣ ਤੋਂ ਬਾਜ ਆਉਣ ਕਿਉਂਕਿ ਪੰਜਾਬੀ ਉਹ ਅਣਖੀ ਕੌਮ ਹੈ ਜਿਹੜੀ ਆਪਣੇ ਹੱਕ ਲੜ ਕੇ ਲੈਣ ਦਾ ਦਮ ਰੱਖਦੀ ਹੈ ਭੀਖ ਵਿੱਚ ਪੰਜਾਬੀ ਕੁਛ ਨਹੀਂ ਲੈਂਦੇ ਇਸ ਗੱਲ ਦਾ ਇਤਿਹਾਸ ਵੀ ਗਵਾਹ ਹੈ ਅਤੇ ਹੁਣੇ-ਹੁਣੇ ਕਿਸਾਨੀ ਅੰਦੋਲਨ ਨੇ ਵੀ ਇਹ ਗੱਲ ਸਾਬਿਤ ਕੀਤੀ ਹੈ। ਮਾਈ ਭਾਗੋ ਦੀਆਂ ਵਾਰਿਸ ਪੰਜਾਬ ਦੀਆਂ ਔਰਤਾਂ ਵੀ ਕਿਸੇ ਤਰਾਂ ਦੇ ਲੋਭ ਲਾਲਚ ਵਿੱਚ ਆਉਣ ਵਾਲੀਆਂ ਨਹੀਂ ਹਨ ਅਤੇ ਇਹਨਾਂ ਪ੍ਰਤੀ ਗਲਤ ਅੰਦਾਜਾ ਲਗਾ ਕੇ ਇਹਨਾਂ ਨੂੰ ਅਪਮਾਨਿਤ ਕਰਨ ਵਾਲੇ ਲੀਡਰ ਜੇਕਰ ਬਾਜ ਨਾ ਆਏ ਤਾਂ ਸੂਬੇ ਦੀਆਂ ਮਹਿਲਾਵਾਂ ਇੱਕਜੁਟ ਹੋ ਕਿ ਇਹਨਾਂ ਸਿਆਸੀ ਪਾਰਟੀਆਂ ਵਿਰੁੱਧ ਮੋਰਚਾ ਖੋਲ੍ਹਣਗੀਆਂ।ਕੁਛ ਲਾਚਾਰ ਅਤੇ ਮਜਬੂਰ ਮਹਿਲਾਵਾਂ ਅਤੇ ਬਜੁਰਗ ਜਿਹੜੇ ਆਪਣੇ ਲਈ ਰੋਟੀ, ਕੱਪੜਾ ਅਤੇ ਸਿਰ ਤੇ ਛੱਤ ਦਾ ਪ੍ਰਬੰਧ ਕਰਨ ਤੋਂ ਅਸਮਰਥ ਹਨ ਉਹਨਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਵਾਲੀਆਂ ਪਾਰਟੀਆਂ ਦਾ ਅਸੀਂ ਸਵਾਗਤ ਕਰਾਂਗੇ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਲਈ ਸੰਭਲਣ ਦਾ ਇਹ ਆਖਰੀ ਮੌਕਾ ਹੈ ਅਤੇ ਲੋਕ ਆਪਣੀ ਅਤੇ ਆਪਣੇ ਸੂਬੇ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਪਾਰਟੀ ਨੂੰ ਮੌਕਾ ਦੇਣ ਜਿਹੜੀ ਪਾਰਟੀ ਪੰਜਾਬ ਦੇ ਸਿਰ ਚੜ੍ਹੇ ਕਰਜੇ ਨੂੰ ਲਾਹੁਣ ਲਈ ਕੋਈ ਕਾਰਗੁਜਾਰੀ ਦਿਖਾ ਸਕੇ ਅਤੇ ਕੰਗਾਲੀ ਦੀਆਂ ਬਰੂਹਾਂ ਤੇ ਖੜਾ ਸਾਡਾ ਪੰਜਾਬ ਮੁੜ ਖੁਸ਼ਹਾਲੀ ਦੀ ਰਾਹ ਫੜ੍ਹ ਸਕੇ।ਰਿਵਾਇਤੀ ਪਾਰਟੀਆਂ ਨੂੰ ਮੌਕਾ ਦੇਣਾ ਜਾਂ ਉਸ ਪਾਰਟੀ ਨੂੰ ਮੌਕਾ ਦੇਣਾ ਜਿਸ ਪਾਰਟੀ ਦੇ ਸਾਰੇ ਫੈਸਲੇ ਹੀ ਦਿੱਲੀਓਂ ਹੋਣੇ ਹਨ ਸਾਡੇ ਲਈ ਵੱਡਾ ਆਤਮਘਾਤੀ ਕਦਮ ਹੋਵੇਗਾ।

Previous articleप्रधानमंत्री के ‘जान को खतरे’ के ढकोसले का मनोरथ पंजाब में लोकतांत्रिक ढंग से चुनी हुई सरकार का तख्ता पलटना : मुख्यमंत्री
Next articleਨਰੋਆ ਪੰਜਾਬ’ ਵਲੋਂ ਮਨਾਇਆ ਜਾਵੇਗਾ ਪਿੰਡਾਂ ਵਿੱਚ ਲੋਹੜੀ ਦਾ ਤਿਉਹਾਰ