ਸਿਰਸਾ,(ਸਤੀਸ਼ ਬਾਂਸਲ): ਚੰਡੀਗੜ੍ਹ ਵਿੱਚ ਆਯੋਜਿਤ ਰਾਜ ਪੱਧਰੀ ਬਾਲ ਦਿਵਸ ਮੁਕਾਬਲੇ 2021 ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਸਮੇਤ ਵਿਦਿਆਰਥਣਾਂ ਨੂੰ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸਨਮਾਨਿਤ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਗਰਬਾ ਡਾਂਸ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ। ਪੁਰਸਕਾਰ ਵੰਡ ਸਮਾਰੋਹ ‘ਚ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ, ਅੰਬਾਲਾ ਤੋਂ ਭਾਜਪਾ ਦੇ ਸੰਸਦ ਰਤਨ ਲਾਲ ਕਟਾਰੀਆ, ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਦੀ ਚੇਅਰਮੈਨ ਰੰਜੀਤਾ ਮਹਿਤਾ ਅਤੇ ਹੋਰ ਅਧਿਕਾਰੀ ਮੌਜੂਦ ਸਨ। ਦੱਸ ਦੇਈਏ ਕਿ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਗਰਬਾ ਡਾਂਸ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ ਅਤੇ ਇਹ ਮੁਕਾਬਲਾ ਨਵੰਬਰ 2021 ਵਿੱਚ ਕਰਵਾਇਆ ਗਿਆ ਸੀ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੀਆਂ ਕਰਿਸ਼ਮਾ, ਦੀਕਸ਼ਾ, ਪ੍ਰਿਯਾਂਸ਼ੂ, ਹਰਸ਼ਿਤਾ, ਅੰਜਲੀ, ਖੁਸ਼ਭੇਜ, ਰਭਨੂਰ ਅਤੇ ਸਾਕਸ਼ੀ ਨੂੰ ਰਾਜਪਾਲ ਵੱਲੋਂ ਸਰਟੀਫਿਕੇਟ, ਟਰਾਫੀ ਅਤੇ ਸਕੂਲ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਡਾ:ਸ਼ੀਲਾ ਪੂਨੀਆ ਇੰਸਾਂ ਨੇ ਚੰਡੀਗੜ੍ਹ ਵਿਖੇ ਹੋਏ ਇਨਾਮ ਵੰਡ ਸਮਾਰੋਹ ਵਿੱਚ ਖੁਦ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਵਿੱਚ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ ਅਤੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਕਲਾਵਾਂ ਚ ਵੀ ਨਿਪੁੰਨ ਬਣਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਸੂਬੇ ਭਰ ਦੇ ਵੱਖ-ਵੱਖ ਸਕੂਲਾਂ ਦੇ 439 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਦੀਆਂ 8 ਵਿਦਿਆਰਥਣਾਂ ਸ਼ਾਮਲ ਸਨ।