ਮਨੁੱਖਤਾ ਦਾ ਉਜਾੜਾ ਕਰ ਰਹੀ ਜੰਗ ਬੰਦ ਕਰੋ, ਅਮਨ ਸ਼ਾਂਤੀ ਬਹਾਲ ਕਰੋ

ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਸੁਰੱਖਿਅਤ ਬਾਹਰ ਕੱਢੋ

ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਭਾਰਤ ਵਿਚ ਹੀ ਸਸਤੀ ਸਿੱਖਿਆ ਮੁਹੱਈਆ ਕਰਵਾਓ

ਬੀਬੀਐੱਮਬੀ ਦੀ ਪਹਿਲਾਂ ਵਰਗੀ ਹਾਲਤ ਬਹਾਲ ਕਰੋ

ਸੰਗਰੂਰ/ਭਵਾਨੀਗੜ੍ਹ,(ਵਿਜੈ ਗਰਗ): ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਗੇਟ ‘ਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਕਾਲਜ਼ ਕਮੇਟੀ ਵੱਲੋਂ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਸ਼ਹੀਦ ਦੀ ਸਾਮਰਾਜੀ ਵਿਰੋਧੀ ਵਿਰਾਸਤ ਨੂੰ ਅੱਗੇ ਤੋਰਦਿਆਂ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਸਾਮਰਾਜੀ ਮੁਲਕ ਦੇ ਇਸ ਕਾਰੇ ਦੀ ਨਿਖੇਧੀ ਕੀਤੀ। ਪੀਐਸਯੂ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਅਤੇ ਕੋਮਲ ਖਨੌਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਅਤੇ ਰੂਸ ਵਰਗੇ ਸਾਮਰਾਜੀ ਮੁਲਕਾਂ ਵੱਲੋਂ ਆਪਣੇ ਲੁਟੇਰੇ ਹਿਤਾਂ ਲਈ ਦੂਜੇ ਦੇਸਾਂ ਤੇ ਕੀਤੇ ਜਾ ਰਹੇ ਹਮਲੇ, ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਸਾਮਰਾਜੀ ਮੁਲਕਾਂ ਦਾ ਲੁੱਟ ਦਾ ਵੱਡਾ ਹਿੱਸਾ ਹੜੱਪਣ ਦੇ ਸੰਕਟ ਨੂੰ ਹੱਲ ਕਰਨ ਦਾ ਆਪਸੀ ਖਹਿਭੇੜ ਹੈ।ਜਿਸ ਨੂੰ ਕਿਰਤੀ ਲੋਕਾਂ ‘ਤੇ ਮੜ੍ਹਿਆ ਜਾ ਰਿਹਾ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਦੋਂ ਅਮਰੀਕੀ ਧਾੜਵੀਆਂ ਵੱਲੋਂ ਵੀਅਤਨਾਮ ਵਿੱਚ ਹਮਲੇ ਕੀਤੇ ਸਨ, ਓਦੋਂ ਵੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਸ ਜੰਗ ਖਿਲਾਫ ਅਵਾਜ਼ ਉਠਾਈ ਸੀ ਅਤੇ ਅੱਜ ਜਦੋਂ ਰੂਸ ਦੇ ਹਾਕਮ ਯੂਕਰੇਨ ਨੂੰ ਤਹਿਸ ਮਹਿਸ ਕਰਨ ਤੇ ਤੁਲੇ ਹੋਏ ਹਨ ਤਾਂ ਅੱਜ ਵੀ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚੋਂ ਸਾਮਰਾਜੀ ਤਾਕਤਾਂ ਖਿਲਾਫ਼ ਆਵਾਜ਼ ਬੁਲੰਦ ਹੋ ਰਹੀ ਹੈ।ਵਿਦਿਆਰਥੀਆਂ ਆਗੂਆਂ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਸਬੰਧੀ ਕੇਂਦਰ ਸਰਕਾਰ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਉਸ ਨੇ ਜੰਗ ਲੱਗਣ ਦੀਆਂ ਸੰਭਾਵਨਾਵਾਂ ਬਣਦਿਆਂ ਹੀ ਯੂਕਰੇਨ ‘ਚੋਂ ਭਾਰਤੀਆਂ ਨੂੰ ਕੱਢਣ ਲਈ ਮੌਕੇ ‘ਤੇ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਸਰਕਾਰ ‘ਤੇ ਇਹ ਵੀ ਦੋਸ਼ ਲਾਇਆ ਕਿ ਜੇਕਰ ਭਾਰਤ ਵਿੱਚ ਹੀ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਬੱਚਿਆਂ ਦੀ ਸਸਤੀ ਪੜ੍ਹਾਈ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਉਹ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਲਈ ਨਾ ਜਾਂਦੇ। ਬੁਲਾਰਿਆਂ ਨੇ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਬੰਦ ਕਰਨ, ਅਮਨ ਸ਼ਾਂਤੀ ਬਹਾਲ ਕਰਨ, ਜੰਗ ਕਾਰਨ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਬੰਦੋਬਸਤ ਕਰਨ, ਦੇਸ਼ ਵਿਚਲੇ ਸਰਕਾਰੀ ਅਦਾਰਿਆਂ ਵਿੱਚ ਪੱਕੇ ਸਟਾਫ ਦਾ ਪ੍ਰਬੰਧ  ਕਰਨ, ਨਵੇਂ ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹ ਕੇ ਸਸਤੀ ਸਿੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਵਿਦਿਆਰਥੀਆਂ ਆਗੂਆਂ ਨੇ ਬੀਬੀਐੱਮਬੀ ਵਿਚ ਪੰਜਾਬ ਅਤੇ ਹਰਿਆਣਾ ਦਾ ਕੰਟਰੋਲ ਖ਼ਤਮ ਕਰਨ ਖਿਲਾਫ ਕੇਂਦਰ ਸਰਕਾਰ ਦੀ ਨਿਖੇਦੀ ਕੀਤੀ ਅਤੇ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਪਹਿਲਾਂ ਵਾਲੀ ਹਾਲਤ ਬਹਾਲ ਕਰਨ ਦੀ ਮੰਗ ਕੀਤੀ।ਸਟੇਜ ਸਕੱਤਰ ਦੀ ਸੁਖਚੈਨ ਸਿੰਘ ਪੁੰਨਾਵਾਲ ਨੇ ਨਿਭਾਈ। ਇਸ ਮੌਕੇ ਜਸ਼ਨਪ੍ਰੀਤ ਕੌਰ, ਵੀਰਪਾਲ ਕੌਰ, ਰਜਿੰਦਰ ਕੌਰ ਭੂਰੇ, ਜਸ਼ਨ ਚੰਗਾਲ, ਵਰਿੰਦਰ ਕਣਕਵਾਲ,ਤਰਨ, ਹਰਪ੍ਰੀਤ ਕੌਰ,ਬੰਟੀ ਆਦਿ ਹਾਜ਼ਰ ਸਨ

Previous articleਯੂਕਰੇਨ ਤੋਂ ਪਰਤੀ ਰੀਟਾ ਨੂੰ ਵੇਖ ਮਾਪਿਆਂ ‘ਚ ਖੁਸ਼ੀ…
Next articleਸਰਕਾਰੀ ਹਾਈ ਸਕੂਲ ਬਲਿਆਲ ਦਾ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਯਾਦਗਾਰੀ ਹੋ ਨਿੱਬੜਿਆ