ਕਿਹਾ, ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਨੂੰ ਭੀੜਤੰਤਰ ਰਾਹੀਂ ਪ੍ਰਭਾਵਿਤ ਕਰਨਾ ਇਤਰਾਜਯੋਗ

ਭਵਾਨੀਗੜ੍ਹ,(ਵਿਜੈ ਗਰਗ): ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਅਤੇ ਜ਼ਿਲਾ ਪ੍ਰਧਾਨ ਸੁਖਵਿੰਦਰ ਗਿਰ ਨੇ ਸਰਕਾਰੀ ਸਕੂਲਾਂ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਵੱਲੋਂ ਵੱਡੀ ਗਿਣਤੀ ਬਾਹਰੀ ਲੋਕਾਂ ਨਾਲ ਭੀੜਤੰਤਰ ਦੇ ਰੂਪ ਵਿੱਚ ਅੰਦਰ ਜਾਣ ਅਤੇ ਕੁੱਝ ਥਾਈਂ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਭਾਰੀ ਸਹਿਮ ਪਾਉਣ ‘ਤੇ ਸਖਤ ਇਤਰਾਜ਼ ਜਾਹਿਰ ਕਰਦਿਆਂ, ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਸੰਬੰਧੀ ਗੰਭੀਰਤਾ ਅਤੇ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ। ਡੀ.ਟੀ.ਐੱਫ ਆਗੂਆਂ ਦਲਜੀਤ ਸਫੀਪੁਰ, ਮੇਘ ਰਾਜ, ਅਮਨ ਵਿਸ਼ਿਸ਼ਟ, ਸੁਖਪਾਲ ਸਫੀਪੁਰ ਅਤੇ ਕਰਮਜੀਤ ਨਦਾਮਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਸਿੱਖਿਆ ਸ਼ਾਸਤਰੀਆਂ ਅਤੇ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੂਬੇ ਦੇ ਵਿਦਿਅਕ ਢਾਂਚੇ ਦੀਆਂ ਅਸਲ ਤਰੁਟੀਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਉਸ ਉਪਰੰਤ ਲੀਹੋਂ ਉਤਰੇ ਸਿੱਖਿਆ ਤੰਤਰ ਨੂੰ ਮਨੋਵਿਗਿਆਨਕ ਢੰਗ ਨਾਲ, ਭੀੜਤੰਤਰ ਦੀ ਥਾਂ ਸਿੱਖਿਆ ਵਿਭਾਗ ਰਾਹੀਂ ਦਰੁਸਤ ਕਰਨ ਵੱਲ ਪੂਰੀ ਜ਼ਿੰਮੇਵਾਰੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਜਿਸ ਲਈ ਪਹਿਲਾਂ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਹਿਯੋਗ ਅਤੇ ਭਰੋਸਾ ਹਾਸਿਲ ਹੋਣਾ ਬਹੁਤ ਅਹਿਮ ਹੈ। ਆਗੂਆਂ ਰਵਿੰਦਰ ਸਿੰਘ ਦਿੜ੍ਹਬਾ, ਕਮਲ ਘੋੜੇਨਬ, ਗੁਰਦੀਪ ਚੀਮਾ, ਗੁਰਜੰਟ ਸਿੰਘ ਲਹਿਲ, ਦੀਨਾ ਨਾਥ, ਸੁਖਬੀਰ ਸਿੰਘ, ਮਨਜੀਤ ਸਿੰਘ, ਰਾਜ ਸੈਣੀ, ਸੁਖਵਿੰਦਰ ਸੁਖ, ਰਮਨ, ਨਿਰਭੈ ਸਿੰਘ ਅਤੇ ਗੌਰਵਜੀਤ ਘੁਮਾਣ ਨੇ ਕਿਹਾ ਕਿ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਪ੍ਰਤੀ ਵਿੱਦਿਅਕ ਮਨੋਵਿਗਿਆਨਕ ਪਹੁੰਚ ਅਪਣਾਉਂਦਿਆਂ, ਪੰਜਾਬ ਸਰਕਾਰ ਨੂੰ ਕਾਰਪੋਰੇਟ ਪੱਖੀ ਕੇਂਦਰ ਦੀ ਨਵੀਂ ਸਿੱਖਿਆ ਨੀਤੀ-2020 ਰੱਦ ਕਰਕੇ ਪੰਜਾਬ ਦੀਆਂ ਲੋੜਾਂ ਅਨੁਸਾਰ ਆਪਣੀ ਸਿੱਖਿਆ ਨੀਤੀ ਤਿਆਰ ਕਰਨ, ਵਿਦਿਆਰਥੀਆਂ ਦੀ ਵਰਦੀ, ਕਿਤਾਬਾਂ ਅਤੇ ਹੋਰ ਵਿੱਦਿਅਕ ਲੋੜਾਂ ਸਮੇਂ ਸਿਰ ਪੂਰੀਆਂ ਕਰਨ, ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਖਾਲੀ ਅਸਾਮੀਆਂ ਉੱਪਰ ਜੰਗੀ ਪੱਧਰ ‘ਤੇ ਨਵੀਂਆਂ ਭਰਤੀ ਕਰਨ, ਅਧਿਆਪਕਾਂ ਦੀਆਂ ਗ਼ੈਰਵਿਦਿਅਕ ਡਿਊਟੀਆਂ ‘ਤੇ ਪੂਰਨ ਪਾਬੰਦੀ ਲਗਾਉਣ, ਕੱਚੇ ਅਧਿਆਪਕ ਪੱਕੇ ਕਰਨ, ਸਮਾਜਿਕ ਸੁਰੱਖਿਆ ਲਈ ਜਰੂਰੀ ਪੁਰਾਣੀ ਪੈਨਸ਼ਨ ਬਹਾਲ ਕਰਨ, ਕੰਪਿਊਟਰ ਅਧਿਆਪਕਾਂ ਦੀ ਵਿਭਾਗ ਵਿਚ ਰੈਗੂਲਰ ਸ਼ਿਫਟਿੰਗ ਕਰਨ, ਤਰੱਕੀਆਂ ਅਤੇ ਬਦਲੀਆਂ ਦੇ ਮਾਮਲੇ ਦਾ ਯੋਗ ਨਿਪਟਾਰਾ ਕਰਨ ਵੱਲ ਫੌਰੀ ਠੋਸ ਕਦਮ ਚੁੱਕਣੇ ਚਾਹੀਦੇ ਹਨ।ਇਸੇ ਤਰ੍ਹਾਂ ਸਕੂਲ ਮੁਖੀਆਂ ਅਤੇ ਕਲਰਕਾਂ ‘ਤੇ ਇੱਕ ਤੋਂ ਵੱਧ ਸਕੂਲਾਂ ਦਾ ਭਾਰ, ਗੈਰ ਵਿੱਦਿਅਕ ਕੰਮ, ਸਕੂਲਾਂ ਵਿੱਚ ਸਫ਼ਾਈ ਸੇਵਕਾਂ ਅਤੇ ਫੰਡਾਂ ਦੀ ਅਣਹੋਂਦ ਅਤੇ ਪਿਛਲੀ ਸਰਕਾਰ ਵੱਲੋਂ ਸਿੱਖਿਆ ਨੂੰ ਅਣਗੌਲਿਆਂ ਕੀਤੇ ਜਾਣ ਕਾਰਨ, ਹੁਣ ਸੁਹਿਰਦਤਾ ਨਾਲ ਸਿੱਖਿਆ ਨੂੰ ਮੁੜ ਸਹੀ ਲੀਹ ਤੇ ਪਾਉਣ ਦੀ ਲੋੜ ਹੈ।

Previous articleਪੰਜਾਬ ਫੋਟੋਗ੍ਰਾਫਰਜ਼ ਐਸੋ ਦੀ ਹੋਈ ਚੋਣ
Next articleਪੱਤਰਕਾਰ ਮੇਜਰ ਸਿੰਘ ਮੱਟਰਾਂ ਵਿਦਿਆਰਥੀਆਂ ਨਾਲ ਹੋਏ ਰੂਬਰੂ