ਹੁਸ਼ਿਆਰਪੁਰ, : ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਪੱਖ ਵਿਚ ਮਤਦਾਨ ਕਰਨ ਲਈ ਸ਼ਰਾਬ ਅਤੇ ਪੈਸੇ ਦਾ ਲਾਲਚ ਦੇਣ ਦਾ ਇਕ ਮਾਮਲਾ ਧਿਆਨ ਵਿਚ ਆਉਣ ’ਤੇ ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਦੇ ਉਮੀਦਵਾਰ ਨਿਮੀਸ਼ਾ ਮਹਿਤਾ ਅਤੇ ਇਕ ਹੋਰ ਵਿਅਕਤੀ ਖਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਮੀਦਵਾਰ ਨਿਮੀਸ਼ਾ ਮਹਿਤਾ ਵਲੋਂ ਵੋਟਰਾਂ ਨੂੰ ਸ਼ਰਾਬ ਅਤੇ ਪੈਸੇ ਦੇ ਕੇ ਆਪਣੇ ਪੱਖ ਵਿਚ ਵੋਟਾਂ ਪੁਆਉਣ ਲਈ ਕਿਸੇ ਵਿਅਕਤੀ ਨਾਲ ਗੱਲ ਕਰਨ ਦੀ ਆਡੀਓ ਰਿਕਾਰਡਿੰਗ ਧਿਆਨ ਵਿਚ ਆਈ ਸੀ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਨਿਮੀਸ਼ਾ ਮਹਿਤਾ ਦੀ ਕਿਸੇ ਹੋਰ ਵਿਅਕਤੀ ਨਾਲ ਆਡੀਓ ਰਿਕਾਰਡਿੰਗ ਦਾ ਮਾਮਲਾ ਧਿਆਨ ਵਿਚ ਆਉਣ ’ਤੇ ਤੁਰੰਤ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਥਾਣਾ ਗੜ੍ਹਸ਼ੰਕਰ ਵਿਖੇ ਵੱਖ-ਵੱਖ ਧਾਰਾਵਾਂ 171-ਸੀ, 171-ਈ, 171-ਐਚ, 171-ਐਫ, 129 (3), 135-ਸੀ, 126 (2) ਅਤੇ 126 ਬੀ ਤਹਿਤ ਨਿਮੀਸ਼ਾ ਮਹਿਤਾ ਅਤੇ ਇਕ ਹੋਰ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।