ਭਵਾਨੀਗੜ੍ਹ,(ਵਿਜੈ ਗਰਗ): ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਐਲਾਨੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਗੁਰਮੇਲ ਸਿੰਘ ਦੀ ਚੋਣ ਮੁਹਿੰਮ ਦਾ ਆਗਾਜ਼ ਉਸ ਦੇ ਜੱਦੀ ਪਿੰਡ ਘਰਾਚੋਂ ਤੋਂ ਕੀਤਾ। ਬੀਬਾ ਬਰਾਡ਼ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੀ ਇਮਾਨਦਾਰ ਪੜ੍ਹੇ ਲਿਖੇ ਅਤੇ ਨੇਕ ਇਨਸਾਨ ਗੁਰਮੀਤ ਸਿੰਘ ਘਰਾਚੋਂ ਨੂੰ ਬੜੀ ਸੋਚ ਸਮਝ ਨਾਲ ਹੀ ਉਮੀਦਵਾਰ ਬਣਾਇਆ ਹੈ। ਬਲਾਕ ਭਵਾਨੀਗਡ਼੍ਹ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਕਾਂਗਰਸ ਸਰਕਾਰ ਹੁੰਦਿਆਂ ਵੀ ਪਿੰਡ ਵਿੱਚ ਵੱਡੀ ਪੱਧਰ ਤੇ ਵਿਕਾਸ ਕਰਵਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਚੋਣ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਵੀ ਨਹੀਂ ਲੱਭ ਰਹੇ। ਆਮ ਆਦਮੀ ਪਾਰਟੀ ਹੁਣ ਤਕ ਕੀਤੇ ਵਿਕਾਸ ਕਾਰਜਾਂ ਦੇ ਆਧਾਰ ਤੇ ਹੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲੜੇਗੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਭ੍ਰਿਸ਼ਟਾਚਾਰ ਦਾ ਸਫ਼ਾਇਆ ਹੋਇਆ ਹੈ, ਹਰੇਕ ਮਹਿਕਮੇ ਵਿਚ ਨੌਕਰੀਆਂ ਦੀ ਭਰਤੀ ਖੋਲ੍ਹ ਦਿੱਤੀ ਗਈ ਹੈ, ਬੇਰੁਜ਼ਗਾਰੀ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਵੱਡੀ ਪੱਧਰ ਤੇ ਕਦਮ ਉਠਾ ਰਹੀ ਹੈ। ਇਸ ਮੌਕੇ ਹਰਦੀਪ ਸਿੰਘ ਤੂਰ ਪ੍ਰਧਾਨ ਟਰੱਕ ਯੂਨੀਅਨ, ਅੰਮ੍ਰਿਤਪਾਲ ਸਿੰਘ ਰਾਮਗੜ, ਗਿਆਨ ਸਿੰਘ ਸਰਪੰਚ, ਹਰਦੀਪ ਮਾਹੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।