ਹੁਸ਼ਿਆਰਪੁਰ ਵਿਚ 7.33 ਕਰੋੜ ਰੁਪਏ ਦੀ ਲਾਗਤ ਨਾਲ ਲਿੰਕ ਅਤੇ 14.70 ਕਰੋੜ ਰੁਪਏ ਨਾਲ ਸ਼ਹਿਰੀ ਸੜਕਾਂ ਦੀ ਹੋਈ ਕਾਇਆਕਲਪ
ਜਲਦ ਹੀ ਲੋਕਾਂ ਨੂੰ ਸਮਰਪਿਤ ਹੋਣਗੇ ਕਈ ਅਹਿਮ ਪ੍ਰਾਜੈਕਟ
ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁ ਦੀਆਂ ਲਿੰਕ ਅਤੇ ਸ਼ਹਿਰੀ ਸੜਕਾਂ ਦੀ 22.03 ਕਰੋੜ ਦੀ ਲਾਗਤ ਨਾਲ 126.62 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਸ਼ਹਿਰ ਅਤੇ ਇਸਦੇ ਨਾਲ ਲਗਦੇ ਖੇਤਰਾਂ ਵਿਚ 14 ਸੜਕਾਂ ਦੀ ਲੋੜੀਂਦੀ ਮੁਰੰਮਤ ਅਤੇ ਨਵੀਆਂ ਬਣਨ ਜਾ ਰਹੀਆਂ ਹਨ ਜਿਨ੍ਹਾਂ ਵਿਚੋਂ 1.53 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 11 ਸੜਕਾਂ ਦੇ ਟੈਂਡਰ ਲੱਗ ਚੁਕੇ ਹਨ ਅਤੇ 3.22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 3 ਸੜਕਾਂ ਦੀ ਤਜਵੀਜ਼ ਪ੍ਰਵਾਨਗੀ ਅਧੀਨ ਹੈ। ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ ਸ਼ੁਰੂ ਕੀਤੇ ਪਹਿਲੇ ਪੜਾਅ ਹੇਠ 2018-19 ਦੌਰਾਨ 33.84 ਕਿਲੋਮੀਟਰ ਲੰਬਾਈ ਵਾਲੀਆਂ 21 ਸੜਕਾਂ ਦੀ 3.57 ਕਰੋੜ ਰੁਪਏ ਦੀ ਲਾਗਤ ਨਾਲ ਕਾਇਆਕਲਪ ਕੀਤੀ ਗਈ। ਇਸ ਉਪਰੰਤ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦੇ ਦੂਜੇ ਪੜਾਅ ਦੌਰਾਨ ਸਾਲ 2019-20 ਵਿਚ 3.61 ਕਰੋੜ ਰੁਪਏ ਦੀ ਲਾਗਤ ਨਾਲ 40.25 ਕਿਲੋਮੀਟਰ ਲੰਬਾਈ ਵਾਲੀਆਂ 21 ਸੜਕਾਂ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਗਈ। ਇਸੇ ਤਰ੍ਹਾਂ ਤੀਜੇ ਪੜਾਅ ਤਹਿਤ 2020-21 ਵਿਚ 2.29 ਕਿਲੋਮੀਟਰ ਲੰਬਾਈ ਵਾਲੀਆਂ 7 ਸੜਕਾਂ ਦੀ 23.27 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਕਰਵਾ ਕੇ ਲੋਕਾਂ ਦੀ ਸੁਖਾਲੀ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਹੈ। ਸ਼ਹਿਰ ਅੰਦਰ ਵੱਖ-ਵੱਖ ਸੜਕਾਂ, ਜਿਨ੍ਹਾਂ ਦੀ ਲੰਬਾਈ 40 ਕਿੱਲੋਮੀਟਰ ਸੀ, ਦੀ ਕਰੀਬ 9.15 ਕਰੋੜ ਰੁਪਏ ਦੀ ਲਾਗਤ ਨਾਲ ਨੁਹਾਰ ਬਦਲਣ ਦੇ ਨਾਲ-ਨਾਲ 9.62 ਕਿਲੋਮੀਟਰ ਲੰਬਾਈ ਵਾਲੀਆਂ 6 ਮੁੱਖ ਸੜਕਾਂ 5.55 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਉਸਾਰੀ ਤੇ ਮੁਰੰਮਤ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਅੰਦਰ ਬੁਨਿਆਦੀ ਢਾਂਚੇ ਨੂੰ ਨਵੀਂ ਮਜਬੂਤੀ ਪ੍ਰਦਾਨ ਕੀਤੀ ਗਈ ਹੈ ਜਿਸ ਤਹਿਤ ਆਉਣ ਵਾਲੇ ਸਮੇਂ ਵਿਚ ਕਈ ਅਹਿਮ ਪ੍ਰਾਜੈਕਟ ਲੋਕਾਂ ਲਈ ਸ਼ੁਰੂ ਕੀਤੇ ਜਾ ਰਹੇ ਹਨ।ਨਵੇਂ ਬਣ ਰਹੇ ਜੁਡੀਸ਼ੀਅਲ ਕੰਪਲੈਕਸ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਜੋ ਕਿ 60.28 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। ਇਸੇ ਤਰ੍ਹਾਂ ਲੋਕਾਂ ਦੀ ਸਹੂਲਤ ਲਈ ਲਾਜਵੰਤੀ ਸਪੋਰਟਸ ਕੰਪਲੈਕਸ ਵਿਖੇ 6.99 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਬਹੁਮੰਤਵੀ ਇੰਡੋਰ ਸਪੋਰਟਸ ਹਾਲ ਦਾ ਕੰਮ ਮੁਕੰਲਮ ਹੋ ਚੁੱਕਾ ਹੈ। ਸ਼ਹਿਰ ਦੇ ਕੇਂਦਰ ਵਿਚ ਸਥਾਪਤ ਕੀਤੇ ਗਏ ਕਮਿਊਨਟੀ ਸੈੰਟਰ ਦੀ 6.11 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਮੁਕੰਮਲ ਹੋ ਚੁਕੀ ਹੈ ਅਤੇ ਇਹ ਸਾਰੇ ਪ੍ਰਾਜੈਕਟ ਜਲਦ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਵਿਦਿਆਰਥਣਾਂ ਦੀ ਸਹੂਲਤ ਲਈ 4.19 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਹੋਸਟਲ ਦਾ ਕੰਮ ਵੀ ਤੇਜ ਰਫਤਾਰ ਨਾਲ ਜਾਰੀ ਹੈ ਅਤੇ ਕਾਲਜ ਅੰਦਰ ਆਧੁਨਿਕ ਸਹੂਲਤਾਂ ਨਾਲ ਲੈਸ 2.41 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਰਕਾਰ ਵਲੋਂ ਹਰ ਖੇਤਰ ਦੇ ਇਕਸਾਰ ਵਿਕਾਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਹੁਸ਼ਿਆਰਪੁਰ ਵਿਖੇ ਰਿਕਾਰਡ ਵਿਕਾਸ ਦਰਜ ਕੀਤਾ ਗਿਆ ਹੈ ਅਤੇ ਆਉਂਦੇ ਸਮੇਂ ਵਿਚ ਵਿਕਾਸ ਦੇ ਖੇਤਰ ਵਿਚ ਨਵੀਂਆਂ ਬੁਲੰਦੀਆਂ ਨੂੰ ਛੋਹਿਆ ਜਾਵੇਗਾ।