ਅੱਗ ਲੱਗਣ ਕਾਰਨ 12-13 ਝੁੱਗੀਆਂ ਸੜ ਕੇ ਹੋਈਆ ਸੁਆਹ

ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਥਾਣਾ ਮੇਹਟੀਆਣਾ ਅਧੀਨ ਆਉਂਦੇ ਪਿੰਡ ਫਲਾਹੀ ਵਿਖੇ ਗ਼ਰੀਬ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਦੀ ਖਬਰ ਹੈ।ਜਿਸ ਕਾਰਨ ਕਰੀਬ 12-13 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਮਜ਼ਦੂਰਾਂ ਦਾ ਘਰੇਲੂ ਸਾਮਾਨ, ਅਨਾਜ, ਪਲਾਟਾਂ ਦੀਆਂ ਰਜਿਸਟਰੀਆਂ ਸਮੇਤ ਜਰੂਰੀ ਕਾਗਜ਼ ਅਤੇ ਨਗਦੀ ਵੀ ਸੜ ਕੇ ਸੁਆਹ ਹੋ ਗਈ। ਜਦਕਿ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਝੁੱਗੀਆਂ ਨੂੰ ਅੱਗ ਲੱਗਣ ਦੀ ਸੂਚਨਾ ਪਿੰਡ ਦੇ ਸਰਪੰਚ ਸੁਰਜੀਤ ਲਾਲ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਇਸ ਸਬੰਧੀ ਸੂਚਨਾ ਮਿਲਣ ਤੇ ਥਾਣਾ ਮੇਹਟੀਆਣਾ ਦੇ ਐਸਐਚਓ ਪੁਲੀਸ ਕਰਮੀਆਂ ਸਮੇਤ ਮੌਕੇ ਤੇ ਪਹੁੰਚ ਗਈ ਅਤੇ ਪੜਤਾਲ ਆਰੰਭ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਮੌਕੇ ਤੇ ਪੁੱਜੇ ਬਿਜਲੀ ਕਰਮਚਾਰੀਆਂ ਨੇ ਬਿਜਲੀ ਦੀ ਸਪਲਾਈ ਤੁਰੰਤ ਕੱਟ ਦਿੱਤੀ। ਐਸਐਚਓ ਨੇ ਦੱਸਿਆ ਕਿ ਉਨ੍ਹਾਂ ਅੱਗ ਲੱਗਣ ਦੀ ਸੂਚਨਾ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ।