ਭਵਾਨੀਗੜ੍ਹ,(ਵਿਜੈ ਗਰਗ): ਪਿੰਡ ਨਰੈਣਗੜ੍ਹ ਵਿਖੇ ਕਿਸਾਨਾਂ ਵਲੋਂ ਯੂਰੀਆ ਖਾਦ ਦੀ ਨਕਲੀ ਕਿੱਲਤ ਵਿਰੁੱਧ ਸਹਿਕਾਰੀ ਸਭਾ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸੁਸਾਇਟੀ ਵਿਚ ਯੂਰੀਆ ਖਾਦ ਤਾਂ ਆ ਰਹੀ ਹੈ, ਪਰੰਤੂ ਛੋਟੇ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਰਹੀ ਜਦਕਿ ਵੱਡੇ ਜਿੰਮੀਦਾਰਾਂ ਨੂੰ ਟਰੱਕ ਵਿਚੋਂ ਸਿੱਧੀਆਂ ਟਰਾਲੀਆਂ ਭਰ ਕੇ ਯੂਰੀਆ ਖਾਦ ਘਰ ਹੀ ਭੇਜ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਏ. ਆਰ ਅਤੇ ਸੁਸਾਇਟੀ ਦੋਵੇਂ ਥਾਵਾਂ ਤੇ ਪੱਕਾ ਧਰਨਾ ਲਗਾਉਣਗੇ। ਅਤੇ ਏ. ਆਰ ਦੇ ਦਫਤਰ ਨੂੰ ਵੀ ਜਿੰਦਰਾ ਲਗਾਇਆ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਇਹ ਸੁਸਾਇਟੀ 4 ਪਿੰਡਾਂ ਦੀ ਸਾਂਝੀ ਸੁਸਾਇਟੀ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਾਨੂੰ ਯੂਰੀਆ ਦੀ ਜਗ੍ਹਾ ਚਾਹ, ਚੀਨੀ ਤੇ ਹੋਰ ਸਮਾਨ ਲੈਣ ਲਈ ਦਬਾਅ ਬਣਾਇਆ ਜਾਂਦਾ ਹੈ ਕਿਉਂਕਿ ਸੁਸਾਇਟੀ ਚਾਹ, ਚੀਨੀ ਅਤੇ ਘੀ ਹੋਰ ਸਮਾਨ ਵਿਚੋਂ ਕਮਿਸ਼ਨ ਜਿਆਦਾ ਬਣਦਾ ਹੈ।

ਕਿਸੇ ਵੀ ਕਿਸਾਨ ਨੂੰ ਜਵਾਬ ਨਹੀਂ ਦਿੱਤਾ

ਓਧਰ ਸੁਸਾਇਟੀ ਦੇ ਸੈਕਟਰੀ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਕਿਸੇ ਵੀ ਕਿਸਾਨ ਨੂੰ ਜਵਾਬ ਨਹੀਂ ਦਿੱਤਾ। ਜਿਹੜੇ ਕਿਸਾਨਾਂ ਦੇ ਪੈਸੇ ਭਰੇ ਹੋਏ ਹਨ ਉਹਨਾਂ ਕਿਸਾਨਾਂ ਨੂੰ ਹੀ ਖਾਦ ਮਿਲਦੀ ਹੈ, ਜਿਹੜੇ ਕਿਸਾਨ ਡਿਫਾਲਟਰ ਹਨ ਅਤੇ ਪੈਸੇ ਨਹੀਂ ਭਰਦੇ ਉਹਨਾਂ ਨੂੰ ਖਾਦ ਦੇਣ ਤੋਂ ਜਵਾਬ ਦਿੱਤਾ ਗਿਆ ਹੈ। ਅਗਰ ਡਿਫਾਲਟਰ ਕਿਸਾਨ ਨੂੰ ਖਾਦ ਦਿੱਤੀ ਜਾਂਦੀ ਹੈ ਤਾਂ ਉਸਦੀ ਕਾਰਵਾਈ ਮੁਲਾਜਮ ਤੇ ਹੁੰਦੀ ਹੈ। ਇੰਸਪੈਕਟਰ ਲਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਨਰੈਣਗੜ੍ਹ ਸੁਸਾਇਟੀ ਦਾ ਵਾਧੂ ਚਾਰਜ ਹੈ। ਉਹ ਕਿਸਾਨਾਂ ਵਲੋਂ ਕੀਤੀ ਸ਼ਿਕਾਇਤ ਦੇ ਮਸਲੇ ਨੂੰ ਹੱਲ ਕਰਨ ਲਈ ਆਏ ਹਨ। ਉਹਨਾਂ ਦੱਸਿਆ ਕਿਸਾਨਾਂ ਨੇ ਸੁਸਾਇਟੀ ਦੇ ਮੁਲਾਜਮਾਂ ਤੇ ਖਾਦ ਦੇਣ ਦੇ ਮਾਮਲੇ ਵਿਚ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ ਅਤੇ ਮੁਲਾਜਮਾਂ ਨੂੰ ਹਟਾਉਣ ਦੀ ਸ਼ਰਤ ਰੱਖ ਦਿੱਤੀ ਹੈ। ਇੰਸਪੈਕਟਰ ਨੇ ਦੱਸਿਆ ਕਿ ਮੁਲਾਜਮਾਂ ਹਟਾਉਣ ਅਤੇ ਰੱਖਣ ਦਾ ਅਧਿਕਾਰੀ ਸੁਸਾਇਟੀ ਦੇ ਚੁਣੇ ਗਏ ਮੈਂਬਰਾਂ ਕੋਲ ਹੁੰਦਾ ਹੈ ਉਹ ਆਪਣੀ ਮੀਟਿੰਗ ਕਰਕੇ ਕਿਸੇ ਵੀ ਮੁਲਾਜਮ ਖਿਲਾਫ ਕਾਰਵਾਈ ਕਰ ਸਕਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।    

Previous articleਕਾਲਾ ਝਾੜ ਚੈੱਕ ਪੋਸਟ ਵਿਖੇ ਚੌਕੀ ਇੰਚਾਰਜ ਜਸਵਿੰਦਰ ਨੇ ਸੰਭਾਲਿਆ ਅਹੁਦਾ
Next articleਸੀਐਮਐਸ ਕੋਆਪ੍ਰੇਟਿਵ ਸੁਸਾਇਟੀ ਭਵਾਨੀਗੜ੍ਹ ਦੀ ਹੋਈ ਚੋਣ ਸਰਬਸੰਮਤੀ ਨਾਲ