ਭੋਲੇਵਾਲ ਦੀ ਪੰਚਾਇਤ ਨੇ ਗੰਦੇ ਪਾਣੀ ਦੀ ਨਿਕਾਸੀ ਨਾਲੀਆਂ ਦੀ ਸਫ਼ਾਈ ਕਰਵਾਈ ਸ਼ੁਰੂ
ਕਾਠਗੜ੍ਹ,(ਰਾਜੇਸ਼): ਪਿੰਡ ਭੋਲੇਵਾਲ ਵਿੱਚ ਹਰ ਸਮੇਂ ਗੰਦਗੀ ਨਾਲ ਭਰੀਆਂ ਰਹਿੰਦੀਆਂ ਗੰਦੇ ਪਾਣੀ ਦੀਆਂ ਨਿਕਾਸੀ ਨਾਲੀਆਂ ਦੀ ਸਫਾਈ ਦਾ ਕੰਮ ਮੀਡੀਆ ਵਿਚ ਖਬਰਾਂ ਲੱਗਣ ਉਪਰੰਤ ਪਿੰਡ ਦੀ ਪੰਚਾਇਤ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪਿੰਡ ਭੋਲੇਵਾਲ ਵਿਚ ਗੰਦੇ ਪਾਣੀ ਦਾ ਮੇਨ ਨਿਕਾਸੀ ਨਾਲਾ ਗੰਦਗੀ ਤੇ ਗੋਬਰ ਨਾਲ ਹਰ ਸਮੇਂ ਭਰਿਆ ਰਹਿੰਦਾ ਸੀ, ਜਿਸ ਦੀ ਗੰਦਗੀ ਓਵਰਫਲੋਅ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ ਲੱਗਦੀ ਸੜਕ ਅਤੇ ਗੇਟ ਅੱਗੇ ਹਰ ਸਮੇਂ ਫੈਲੀ ਰਹਿੰਦੀ ਸੀ।ਜਿੱਥੋਂ ਸਟਾਫ ਤੇ ਬੱਚਿਆਂ ਨੂੰ ਲੰਘਣਾ ਤਾਂ ਔਖਾ ਹੁੰਦਾ ਹੀ ਸੀ, ਨਾਲ ਹੀ ਗੰਦਗੀ ਦੀ ਬਦਬੂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਸਕੂਲੀ ਬੱਚਿਆਂ ਅਤੇ ਸਟਾਫ ਦੀ ਇਸ ਸਮੱਸਿਆ ਨੂੰ ਲੈ ਕੇ ਅਦਾਰੇ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ।ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਹਰਕਤ ਵਿੱਚ ਆ ਕੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੀ ਸਫ਼ਾਈ ਦਾ ਕੰਮ ਬੀਤੇ ਦਿਨੀਂ ਸ਼ੁਰੂ ਕਰਵਾ ਦਿੱਤਾ ਹੈ। ਲੋਕਾਂ ਅਤੇ ਸਕੂਲ ਦੇ ਸਟਾਫ ਵੱਲੋਂ ਅਦਾਰੇ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਭੋਲੇਵਾਲ ਵਿੱਚ ਜਦੋਂ ਵੀ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਂਦਾ ਹੈ।