ਨਵਾਂ ਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਨਵਾਂਸ਼ਹਿਰ ਦੀ ਸਮੁੱਚੀ ਟੀਮ ਵਲੋਂ ਪਿੰਡ-ਪਿੰਡ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।ਇਸੇ ਧੰਨਵਾਦ ਪ੍ਰੋਗਰਾਮ ਤਹਿਤ ਪਿੰਡ ਭਾਰਟਾ ਕਲਾਂ ਵਿਖੇ ਸਰਕਲ ਪ੍ਰਧਾਨ ਦਵਿੰਦਰ ਸਿੰਘ ਭਾਰਟਾ ਦੇ ਉਪਰਾਲੇ ਸਦਕਾ ਸਾਰੇ ਨਗਰ ਨਿਵਾਸੀਆਂ ਦਾ ਸਾਂਝੇ ਤੌਰ ਉੱਤੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਆਪ ਲੀਡਰਸ਼ਿਪ ਵੱਲੋਂ ਧੰਨਵਾਦ ਕੀਤਾ ਗਿਆ।ਪੰਜਾਬ ਦੇ ਰਾਜਨੀਤਕ ਪੱਧਰ ਉੱਤੇ ਪਹਿਲੀ ਵਾਰ ਲੋਕਾਂ ਵੱਲੋਂ ਕੀਤੇ ਕ੍ਰਾਂਤੀਕਾਰੀ ਬਦਲਾਅ ਦੀਆਂ ਸਮੂਹ ਪਿੰਡ ਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ।ਇਸ ਮੌਕੇ ਪੰਜਾਬ ਦੇ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਜਿੱਤ ਆਮ ਲੋਕਾਂ ਦੀ ਜਿੱਤ ਹੈ, ਅਤੇ ਹੁਣ ਪੰਜਾਬ ਵਿਚ ਇਮਾਨਦਾਰ ਸਰਕਾਰ ਦੇ ਰਾਜ ਵਿੱਚ ਹਰ ਇੱਕ ਦੀ ਗੱਲ ਸੁਣੀ ਜਾਵੇਗੀ।ਹੁਣ ਸਾਨੂੰ ਕਿਸੇ ਨੇ ਵੋਟ‌ ਪਾਈ ਜਾਂ ਨਹੀਂ ਪਾਈ, ਅਸੀਂ ਕਿਸੇ ਨਾਲ ਵੀ ਪੱਖਪਾਤ ਜਾਂ ਬਦਲਾਖੋਰੀ ਵਾਲੀ ਰਾਜਨੀਤੀ ਨਹੀਂ ਕਰਾਂਗੇ।ਸਤਨਾਮ ਸਿੰਘ ਜਲਵਾਹਾ ਤੇ ਲਲਿਤ ਮੋਹਨ ਪਾਠਕ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਿੰਡ ਭਾਰਟਾ ਕਲਾਂ ਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।ਆਪ ਆਗੂਆਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਚ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਆਮ ਲੋਕਾਂ ਦਾ ਸਰਕਾਰੇ ਦਰਬਾਰੇ ਬਿਨਾਂ ਕਿਸੇ ਰਿਸ਼ਵਤਖੋਰੀ ਤੋਂ ਅਤੇ ਬਿਨਾਂ ਕਿਸੇ ਲੀਡਰ ਦੀ ਸਿਫਾਰਸ਼ ਤੋਂ ਕੰਮ ਹੋਵੇਗਾ। ਜਲਵਾਹਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਇੱਕ ਪੰਜਾਬੀ ਨੂੰ ਮਾਨ ਸਰਕਾਰ ਉਤੇ ਮਾਣ ਮਹਿਸੂਸ ਹੋਵੇਗਾ ਅਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਦਿੱਤੀ ਹਰ ਗਰੰਟੀ ਨੂੰ ਪੂਰਾ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤਾ ਹਰੇਕ ਵਾਅਦਾ 101 % ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।ਪਿੰਡ ਭਾਰਟਾ ਕਲਾਂ ਦੇ ਸਰਕਲ ਪ੍ਰਧਾਨ ਦਵਿੰਦਰ ਸਿੰਘ ਭਾਰਟਾ ਅਤੇ ਸਰਪੰਚ ਦਿਲਬਾਗ ਸਿੰਘ ਨੇ ਸਮੁੱਚੀ ਆਪ ਲੀਡਰਸ਼ਿਪ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ।ਉਨ੍ਹਾਂ ਦੇ ਪਿੰਡ ਪਹੁੰਚਣ ਉਤੇ ਜੀ ਆਇਆ ਆਖਿਆ।ਇਸ ਮੌਕੇ ਸੁਰਿੰਦਰ ਸਿੰਘ ਸੰਘਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਹੋਂ ਸ਼ਹਿਰੀ ਪ੍ਰਧਾਨ ਜੋਗੇਸ਼ ਜੋਗਾ, ਸਰਕਲ ਪ੍ਰਧਾਨ ਵਿਜੇ ਕੁਮਾਰ ਸੋਨੀ, ਮੀਡੀਆ ਇੰਚਾਰਜ ਬਲਵਿੰਦਰ ਰਾਹੋਂ, ਯੂਥ ਆਗੂ ਯੁੱਧਵੀਰ ਕੰਗ, ਪਿਆਰਾ ਸਿੰਘ ਗੜੀ, ਭਗਤ ਰਾਮ ਰਾਹੋਂ, ਸਰਪੰਚ ਦਿਲਬਾਗ ਸਿੰਘ ਭਾਰਟਾ, ਪ੍ਰਦੀਪ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ ਸਰਪੰਚ ਗੜੀ ਭਾਰਟੀ, ਰਾਮ ਲੁਭਾਇਆ, ਅਮਨ, ਕਾਕੂ, ਅਜੀਤ ਸਿੰਘ ਪੰਚ, ਰੋਹਿਤ ਕੁਮਾਰ, ਅਜੇ ਕੁਮਾਰ, ਸੁੱਚਾ ਸਿੰਘ ਆਦਿ ਮੈਂਬਰ ਹਾਜ਼ਰ ਸਨ।