ਬੰਗਾ ਸਬ-ਡਿਵੀਜ਼ਨ ਵਿੱਚ ਸਿਹਤ ਵਿਭਾਗ ਨੇ ਥਾਂ ਦੀ ਕੀਤੀ ਸ਼ਨਾਖ਼ਤ
ਐਨਪੀ ਐਸ ਰੰਧਾਵਾ ਨੇ ਅਧਿਕਾਰੀਆਂ ਨੂੰ ਅਗਲੇ 10 ਦਿਨਾਂ ਚ ਸਕੂਲਾਂ ਵਿੱਚ ਵਿਸ਼ੇਸ਼ ਕੋਵਿਡ ਟੀਕਾਕਰਣ ਕੈਂਪ ਲਗਾਉਣ ਦੇ ਆਦੇਸ਼ ਦਿੱਤੇ
ਨਵਾਂਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਨਵਾਂਸ਼ਹਿਰ ਅਤੇ ਬਲਾਚੌਰ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਸਥਾਪਤ ਕਰਨ ਲਈ ਢੁਕਵੀਆਂ ਥਾਵਾਂ/ਇਮਾਰਤਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਵਾਂਸ਼ਹਿਰ ਦੇ ਐਸ.ਡੀ.ਐਮ ਡਾ.ਬਲਜਿੰਦਰ ਸਿੰਘ ਢਿੱਲੋਂ (ਬਲਾਚੌਰ ਦਾ ਵਾਧੂ ਚਾਰਜ) ਨੂੰ ਕਿਹਾ ਕਿ ਨਵਾਂਸ਼ਹਿਰ ਅਤੇ ਬਲਾਚੌਰ ਦੋਵੇਂ ਹਲਕੇ ਜਿੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾ ਸਕਦੇ ਹਨ, ਉਸ ਲਈ ਸਿਹਤ ਵਿਭਾਗ ਨੂੰ ਢੁੱਕਵੀਆਂ ਥਾਵਾਂ (ਲਗਭਗ 400 ਵਰਗ ਗਜ਼) ਦੀ ਸ਼ਨਾਖਤ ਕਰਨ ਲਈ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਬੰਗਾ ਹਲਕੇ ਵਿੱਚ ਨਗਰ ਕੌਂਸਲ ਨਾਲ ਸਬੰਧਤ ਥਾਂ ਦੀ ਪਹਿਲਾਂ ਹੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਉਸ ਸਥਾਨ ਦੀ ਅਨੁਕੂਲਤਾ ਰਿਪੋਰਟ ਭੇਜ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਚਲਾਉਣ ਲਈ ਸ਼ਨਾਖਤ ਕੀਤੀ ਜਗ੍ਹਾ ਦਾ ਨਾਮ, ਇਮਾਰਤ ਸਬੰਧੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਸਨ ਅਤੇ ਅਧਿਕਾਰੀਆਂ ਨੂੰ ਨਿਰਧਾਰਿਤ ਸਮਾਂ ਸੀਮਾ ਵਿੱਚ ਸੂਚਨਾ ਭੇਜਣ ਲਈ ਕਿਹਾ ਸੀ। ਐਨ.ਪੀ.ਐਸ ਰੰਧਾਵਾ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਦੇ ਆਸ-ਪਾਸ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।ਇਸ ਤੋਂ ਇਲਾਵਾ ਉਨ੍ਹਾਂ ਸਿਹਤ ਵਿਭਾਗ ਨੂੰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਉਣ ਦੇ ਆਦੇਸ਼ ਦਿੱਤੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਲਾਭਪਾਤਰੀ ਟੀਕਾਕਰਨ ਤੋਂ ਵਾਂਝਾ ਨਾ ਰਹੇ।ਉਨ੍ਹਾਂ 12 ਤੋਂ 14 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਕਵਰ ਕਰਨ ਲਈ ਜ਼ਿਲ੍ਹੇ ਭਰ ਦੇ ਸਕੂਲਾਂ ਵਿੱਚ ਅਗਲੇ 10 ਦਿਨਾਂ ਤੱਕ ਟੀਕਾਕਰਨ ਕੈਂਪ ਲਗਾਉਣ ਲਈ ਵੀ ਕਿਹਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 5,24,498 ਅਤੇ 4,37,343 ਲਾਭਪਾਤਰੀਆਂ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ, ਜਦਕਿ 10,964 ਲਾਭਪਾਤਰੀਆਂ ਨੂੰ ਇਹਤਿਆਤੀ ਖੁਰਾਕਾਂ ਮਿਲ ਚੁੱਕੀਆਂ ਹਨ।ਇਸ ਮੌਕੇ ਏ.ਡੀ.ਸੀਜ਼ ਜਸਬੀਰ ਸਿੰਘ, ਅਮਿਤ ਕੁਮਾਰ ਸਰੀਨ, ਐਸ.ਡੀ.ਐਮਜ਼ ਨਵਨੀਤ ਕੌਰ ਬੱਲ, ਡਾ.ਬਲਜਿੰਦਰ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਸਿਵਲ ਸਰਜਨ ਡਾ,ਦਵਿੰਦਰ ਢਾਂਡਾ ਆਦਿ ਹਾਜ਼ਰ ਸਨ ।