ਡੀ-ਸਿਲਟਿੰਗ ਸਾਈਟਾਂ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਕਾਰਜਸ਼ੀਲ ਹੋਣਗੀਆਂ
ਨਵਾਂ ਸ਼ਹਿਰ,(ਜਤਿੰਦਰ ਕਲੇਰ): ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਨੇ ਵੀਰਵਾਰ ਨੂੰ ਜ਼ਿਲ੍ਹੇ ਵਿੱਚ ਪੈਂਦੇ ਸਤਲੁਜ ਦਰਿਆ ਦੇ ਕੰਢੇ ਪੈਂਦੇ ਪਿੰਡ ਸ਼ਮਸਪੁਰ ਅਤੇ ਰੈਲ ਬਰਾਮਦ ਵਿਖੇ ਡੀ-ਸਿਲਟਿੰਗ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ।ਇਨ੍ਹਾਂ ਥਾਂਵਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਰੈਲ ਬਰਾਮਦ, ਸ਼ਮਸਪੁਰ ਅਤੇ ਖੋਜੇ ਵਿਖੇ ਡੀ-ਸਿਲਟਿੰਗ ਸਾਈਟਾਂ ਹਨ ਅਤੇ ਪਾਣੀ ਦਾ ਪੱਧਰ ਘੱਟਦੇ ਹੀ ਇਨ੍ਹਾਂ ਥਾਵਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਰੋਪੜ ਹੈੱਡਵਰਕਸ ਤੋਂ ਪਾਣੀ ਛੱਡਣ ਕਾਰਨ ਐੱਸਬੀਐੱਸ ਨਗਰ ਦੀਆਂ ਸਾਰੀਆਂ ਥਾਂਵਾਂ ਦੀ ਡਿਫਰੈਂਸ਼ੀਅਲ ਗਲੋਬਲ ਪੋਜ਼ੀਸ਼ਨਿੰਗ ਸਿਸਟਮ ਰਾਹੀਂ ਨਿਸ਼ਾਨਦੇਹੀ ਬੰਦ ਕਰ ਦਿੱਤੀ ਗਈ ਸੀ, ਪਰ ਹੁਣ ਪਾਣੀ ਦਾ ਪੱਧਰ ਘਟਣ ‘ਤੇ ਇਹ ਤੁਰੰਤ ਮੁਕੰਮਲ ਹੋ ਜਾਵੇਗਾ ਅਤੇ ਇੱਥੇ ਡੀ-ਸਿਲਟਿੰਗ (ਰੇਤ ਦੀ ਖੁਦਾਈ) ਸ਼ੁਰੂ ਹੋ ਜਾਵੇਗੀ। ਡੀਸੀ ਅਤੇ ਐਸਐਸਪੀ ਦੋਵਾਂ ਨੇ ਸਾਈਟਾਂ ‘ਤੇ ਲਗਾਏ ਗਏ ਤੋਲ ਸਕੇਲਾਂ ਦੀ ਵੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਹਰ ਠੇਕੇਦਾਰ ਪੂਰੀ ਸਮਰੱਥਾ ਅਤੇ ਸ਼ਰਤਾਂ ਮੁਤਾਬਕ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਮਾਈਨਿੰਗ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਕਾਨੂੰਨੀ ਮਾਈਨਿੰਗ ਕਾਰਜ ਪ੍ਰਭਾਵਿਤ ਨਾ ਹੋਣ ਅਤੇ ਆਮ ਲੋਕਾਂ ਨੂੰ ਸਸਤੇ ਰੇਟਾਂ ‘ਤੇ ਰੇਤਾ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਰੇਤ ਦੀ ਢੋਆ-ਢੁਆਈ ਕਰਨ ਵਾਲੇ ਹਰੇਕ ਵਾਹਨ ਕੋਲ ਜਾਇਜ਼ ਦਸਤਾਵੇਜ਼ ਹੋਣੇ ਜ਼ਰੂਰੀ ਹਨ।ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾ ਹੋਣ ਦੇਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਐਸਡੀਐਮ ਅਤੇ ਡੀਐਸਪੀ ਰੈਂਕ ਦੇ ਸਾਂਝੇ ਸਕੁਐਡ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਦੋਸ਼ੀਆਂ ਵਿਰੁੱਧ ਤੁਰੰਤ ਐਫ ਆਈ ਆਰ ਦਰਜ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਹੁਤ ਹੀ ਗੈਰ-ਵਾਜਬ ਹੋਵੇਗੀ। ਡੀਸੀ ਅਤੇ ਐਸਐਸਪੀ ਨੇ ਟੀਮਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਡੀ-ਸਿਲਟਿੰਗ ਸਾਈਟਾਂ ‘ਤੇ ਨਿਯਮਤ ਨਿਰੀਖਣ ਕਰਨ ਲਈ ਕਿਹਾ।