ਸੰਯੁਕਤ ਸਮਾਜ ਮੋਰਚੇ ਨੇ ਠੇਕੇਦਾਰ ਭਗਵਾਨ ਸ਼ਾਮ ਚੌਰਾਸੀ, ਪ੍ਰਸ਼ੋਤਮ ਅਹੀਰ ਆਦਮਪੁਰ, ਰਸ਼ਪਾਲ ਰਾਜੂ ਚੱਬੇਵਾਲ, ਚੌਧਰੀ ਖੁਸ਼ੀ ਰਾਮ ਨੂੰ ਫਗਵਾੜੇ ਤੋਂ ਬਣਾਇਆ ਉਮੀਦਵਾਰ
ਹੁਸ਼ਿਆਰਪੁਰ,(ਤਰਸੇਮ ਦੀਵਾਨਾ):
ਜਿਉਂ-ਜਿਉਂ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ ਹੁੰਦੀਆਂ ਜਾ ਰਹੀਆਂ ਹਨ।ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਕਨੂੰਨ ਲਿਆਉਣ ਤੋਂ ਬਾਅਦ ਕਿਸਾਨਾਂ ਦੀਆਂ ਵੱਖ-ਵੱਖ ਸ਼ੰਘਰਸ਼ ਕਮੇਟੀਆਂ ਵਲੋਂ ਸਾਂਝੇ ਪਲੇਟਫਾਰਮ ਤੇ ਕੀਤੇ ਸ਼ੰਘਰਸ਼ ਦੀ ਸਫਲਤਾ ਤੋਂ ਬਾਅਦ ਪੰਜਾਬ ਦੇ ਰਾਜਨੀਤਕ ਪਲੇਟਫਾਰਮ ਤੇ ਵੱਡੀ ਤਬਦੀਲੀ ਆਈ ਹੈ।ਤਿੰਨੇ ਖੇਤੀ ਵਿਰੋਧੀ ਕਨੂੰਨਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਟੁੱਟਣ ਅਤੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਹੋਣ ਤੋਂ ਬਾਅਦ ਸੀਟਾਂ ਦੀ ਗਲਤ ਵੰਡ ਅਤੇ ਪੰਜਾਬ ਲੀਡਰਸ਼ਿਪ ਦੇ ਤਾਨਾਸ਼ਾਹੀ ਰਵੱਈਏ ਕਾਰਨ ਬਸਪਾ ਅੰਦਰ ਵੱਡਾ ਕਾਟੋ ਕਲੇਸ਼ ਪੈਣ ਕਰਕੇ ਬਹੁਤ ਸਾਰੇ ਪੰਜਾਬ ਪੱਧਰ ਦੇ ਆਗੂ ਪਾਰਟੀ ਨੂੰ ਅਲਵਿਦਾ ਵੀ ਕਹਿ ਗਏ ਅਤੇ ਦੂਜੀਆਂ ਪਾਰਟੀਆਂ ਵਲੋਂ ਉਮੀਦਵਾਰ ਬਣਕੇ ਮੈਦਾਨ ਵਿੱਚ ਵੀ ਆ ਗਏ ਹਨ।ਜਿਨਾਂ ਵਿੱਚ ਕਿਸਾਨ ਸ਼ੰਘਰਸ਼ ਮੋਰਚੇ ਵਿੱਚੋਂ ਬਣਿਆ ਸੰਯੁਕਤ ਸਮਾਜ ਮੋਰਚੇ ਨੇ ਪ੍ਰਸਿੱਧ ਸਮਾਜ ਸੇਵੀ ਠੇਕੇਦਾਰ ਭਗਵਾਨ ਦਾਸ ਸਿੱਧੂ ਸਾਬਕਾ ਜਨਰਲ ਸਕੱਤਰ ਬਸਪਾ ਪੰਜਾਬ ਨੂੰ ਹਲਕਾ ਸ਼ਾਮ ਚੌਰਾਸੀ, ਪ੍ਰਸ਼ੋਤਮ ਰਾਜ ਅਹੀਰ ਸਾਬਕਾ ਜਿਲਾ ਪ੍ਰਧਾਨ ਨੂੰ ਹਲਕਾ ਆਦਮਪੁਰ, ਰਸ਼ਪਾਲ ਰਾਜੂ ਸਾਬਕਾ ਪੰਜਾਬ ਪ੍ਰਧਾਨ ਬਸਪਾ ਨੂੰ ਹਲਕਾ ਚੱਬੇਵਾਲ, ਚੌਧਰੀ ਖੁਸ਼ੀ ਰਾਮ ਰਿਟਾ.ਆਈ.ਏ.ਐਸ ਨੂੰ ਹਲਕਾ ਫਗਵਾੜਾ ਤੋਂ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਪੰਜਾਬ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਗਠਨਾਂ ਅਤੇ ਕਿਰਤੀ ਮਜਦੂਰ, ਵਪਾਰੀ ਵਰਗ ਵਲੋਂ ਕਿਸਾਨਾਂ ਦੇ ਹੱਕ ਵਿੱਚ ਅਤੇ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਤੇ ਭਾਰੀ ਦਵਾਅ ਬਣਾਉਣ ਕਰਕੇ ਸਰਕਾਰ ਨੂੰ ਇਹ ਕਨੂੰਨ ਵਾਪਸ ਲੈਣੇ ਪਏ।ਕਰੀਬ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਸ਼ੰਘਰਸ਼ ਵਿੱਚ ਕਿਸਾਨਾਂ, ਮਜਦੂਰਾਂ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਵੀ ਕਰਨਾ ਪਿਆ ਅਤੇ 700 ਤੋਂ ਵੱਧ ਕਿਸਾਨਾਂ ਨੇ ਸ਼ਹੀਦੀਆਂ ਵੀ ਪਾਈਆਂ। ਭਾਂਵੇ ਕਿ ਚੋਣਾਂ ਸਾਹਮਣੇ ਦੇਖ ਕੇ ਸਰਕਾਰ ਨੇ ਕਨੂੰਨ ਵਾਪਸ ਲੈ ਲਏ ਪਰੰਤੂ ਭਾਜਪਾ ਨੂੰ ਚੋਣਾਂ ਤੱਕ ਕਿਸਾਨਾਂ, ਮਜਦੂਰਾਂ ਦੇ ਚੱਲੇ ਸ਼ੰਘਰਸ਼ ਅਤੇ ਬੇਲਗਾਮ ਮਹਿੰਗਾਈ ਕਾਰਨ ਆਮ ਜਨਤਾ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹਲਕਾ ਸ਼ਾਮ ਚੌਰਾਸੀ ਦੇ ਲੋਕਾਂ ਦੀ ਰਾਏ ਜਾਨਣ ਲਈ ਸੰਪਰਕ ਕਰਨ ਤੇ ਬਹੁਤੇ ਵੋਟਰਾਂ, ਸਪੋਟਰਾਂ, ਧਾਰਮਿਕ, ਸਮਾਜਿਕ ਅਤੇ ਆਮ ਲੋਕਾਂ ਨੇ ਬਸਪਾ ਪੰਜਾਬ ਦੇ ਸੀਨੀਅਰ ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ ਨੂੰ ਸੰਯੁਕਤ ਸਮਾਜ ਮੋਰਚੇ ਵਲੋਂ ਉਮੀਦਵਾਰ ਬਣਾਉਣ ਲਈ ਸਿੱਧੂ ਦੇ ਹੱਕ ਵਿੱਚ ਆਪਣੀ ਰਾਏ ਵਿਅਕਤ ਕੀਤੀ ਹੈ।ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਭਗਵਾਨ ਦਾਸ ਬਹੁਜਨ ਸਮਾਜ ਦੇ ਪੁਰਾਣੇ, ਮਿਹਨਤੀ, ਈਮਾਨਦਾਰ ਤੇ ਮਿਸ਼ਨਰੀ ਆਗੂ ਹਨ, ਜੋ ਬਿਨਾਂ ਕਿਸੇ ਭੇਦ ਭਾਵ ਤੋਂ ਆਮ ਲੋਕਾਂ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ, ਪਰ ਬਸਪਾ ਪੰਜਾਬ ਲੀਡਰਸ਼ਿਪ ਨੇ ਉਨਾਂ ਨਾਲ ਧੋਖਾ ਕੀਤਾ।ਜਿਕਰਯੋਗ ਹੈ ਕਿ ਠੇਕੇਦਾਰ ਭਗਵਾਨ ਦਾਸ ਨੇ 2017 ਵਿੱਚ ਹਲਕਾ ਸ਼ਾਮ ਚੌਰਾਸੀ ਤੋਂ ਅਤੇ 2019 ਵਿੱਚ ਹਲਕਾ ਫਗਵਾੜਾ ਤੋਂ ਜਿਮਨੀ ਚੋਣ ਲੜੀ ਸੀ।

Previous articleनहीं थम रही चोरी और बेअदबी की घटनाएं इस बार प्रह्लाद नगर में धटी घटना
Next article73वें गणतंत्र दिवस पर होशियारपुर में मंत्री अरुणा चौधरी ने लहराया तिरंगा