ਸੰਗਰੂਰ ,(ਵਿਜੈ ਗਰਗ): ਮੈਡੀਕਲ ਆਧਾਰ ਨੂੰ  ਛੱਡ ਕੇ ਕਿਸੇ ਵੀ ਹੋਰ ਕਾਰਨ ਕਰ ਕੇ ਅਜੇ ਤਕ ਕੋਵਿਡ ਵੈਕਸੀਨ ਦੀ ਪਹਿਲੀ ਖ਼ੁਰਾਕ ਨਾ ਲੈਣ ਵਾਲੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ  15 ਸਤੰਬਰ ਤੋਂ ਬਾਅਦ ਜਬਰੀ ਛੁੱਟੀ ਉਤੇ ਭੇਜ ਦਿਤਾ ਜਾਵੇਗਾ | ਇਨ੍ਹਾਂ ਸਖ਼ਤ ਹੁਕਮਾਂ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤਾਕਿ ਲੋਕਾਂ ਨੂੰ  ਇਸ ਬੀਮਾਰੀ ਤੋਂ ਸੁਰੱਖਿਅਤ ਰੱਖਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾ ਸਕੇ ਕਿ ਵੈਕਸੀਨ ਦੀ ਖ਼ੁਰਾਕ ਲੈਣ ਵਿਚ ਅਜੇ ਵੀ ਸੰਕੋਚ ਵਰਤ ਰਹੇ ਲੋਕਾਂ ਕਰ ਕੇ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ  ਇਸ ਦਾ ਕੋਈ ਕੀਮਤ ਨਾ ਤਾਰਨੀ ਪਵੇ | ਅੱਜ ਕੋਵਿਡ ਦੀ ਸਮੀਖਿਆ ਲਈ ਉਚ ਪਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵੈਕਸੀਨ ਦੇ ਅਸਰਦਾਇਕ ਰਹਿਣ ਦਾ ਸਬੂਤ ਅਧਿਐਨ ਕੀਤੇ ਜਾ ਰਹੇ ਡਾਟਾ ਤੋਂ ਮਿਲ ਜਾਂਦਾ ਹੈ | ਸਰਕਾਰੀ ਮੁਲਾਜ਼ਮਾਂ ਤਕ ਪਹੁੰਚ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਜਿਹੜੇ ਮੁਲਾਜ਼ਮ ਖ਼ੁਰਾਕ ਲੈਣ ਤੋਂ ਬਚ ਰਹੇ ਹਨ, ਉਨ੍ਹਾਂ ਨੂੰ  ਉਸ ਵੇਲੇ ਤਕ ਛੱੁਟੀ ਉਤੇ ਰਹਿਣ ਲਈ ਕਿਹਾ ਜਾਵੇਗਾ, ਜਦੋਂ ਤਕ ਉਹ ਪਹਿਲੀ ਖ਼ੁਰਾਕ ਨਹੀਂ ਲੈ ਲੈਂਦੇ | ਉਨ੍ਹਾਂ ਕਿਹਾ ਕਿ ਚਾਰ ਮਹੀਨੇ ਪਹਿਲਾਂ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਲੈ ਚੁੱਕੇ ਟੀਚਿੰਗ ਅਤੇ ਨਾਨ-ਟੀਚਿੰਗ ਸਕੂਲ ਸਟਾਫ਼ ਨੂੰ  ਡਿਊਟੀ ਕਰਨ ਦੀ ਇਜਾਜ਼ਤ ਦੇ ਦਿਤੀ ਹੈ ਪਰ ਇਸ ਲਈ ਹਰ ਇਕ ਹਫ਼ਤਾ ਆਰ.ਟੀ.ਪੀ.ਸੀ.ਆਰ ਦੀ ਨੈਗੇਟਿਵ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ ਹਾਲਾਂਕਿ, ਸਹਿ-ਬਿਮਾਰੀਆਂ ਵਾਲੇ ਸਟਾਫ਼ ਨੂੰ  ਪੂਰੀਆਂ ਖ਼ੁਰਾਕਾਂ ਲੈਣ ਉਤੇ ਹੀ ਇਜਾਜ਼ਤ ਦਿਤੀ ਜਾਵੇਗੀ ਮੁੱਖ ਮੰਤਰੀ ਨੇ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ  ਵੇਖਦੇ ਹੋਏ ਮੌਜੂਦਾ ਕੋਵਿਡ ਪਾਬੰਦੀਆਂ ਵਿਚ 30 ਸਤੰਬਰ ਤਕ ਵਾਧਾ ਕੀਤੇ ਜਾਣ ਦੇ ਹੁਕਮ ਦੇ ਦਿਤੇ ਹਨ ਅਤੇ ਸਾਰੇ ਇਕੱਠਾਂ, ਸਿਆਸੀ ਇਕੱਠਾਂ ਸਮੇਤ, ਵਿਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ 300 ਤੈਅ ਕਰ ਦਿਤੀ ਹੈ | ਇਸ ਨਾਲ ਹੀ ਮਾਸਕ ਪਾਉਣ ਅਤੇ ਸਮਾਜਕ ਦੂਰੀ ਬਣਾ ਕੇ ਰੱਖਣ ਨੂੰ  ਵੀ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿਤੇ ਗਏ ਹਨ | ਮੁੱਖ ਮੰਤਰੀ ਨੇ ਸਮੂਹ ਪ੍ਰਬੰਧਕਾਂ, ਸਿਆਸੀ ਧਿਰਾਂ ਸਮੇਤ, ਲਈ ਇਹ ਲਾਜ਼ਮੀ ਕਰਾਰ ਦਿਤਾ ਹੈ ਕਿ ਉਨ੍ਹਾਂ ਵਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਤਿਉਹਾਰਾਂ ਨਾਲ ਸਬੰਧਤ ਸਮਾਗਮਾਂ ਮੌਕੇ ਲਾਏ ਜਾਣ ਵਾਲੇ ਖਾਣੇ ਦੇ ਸਟਾਲਾਂ ਆਦਿ ਵਿਖੇ ਤਾਇਨਾਤ ਸਟਾਫ਼, ਮੈਨੇਜਮੈਂਟ ਅਤੇ ਸ਼ਿਰਕਤ ਕਰਨ ਵਾਲਿਆਂ ਨੇ ਪੂਰਨ ਤੌਰ ‘ਤੇ ਟੀਕਾਕਰਨ ਕਰਵਾਇਆ ਹੋਵੇ ਜਾਂ ਘੱਟੋ-ਘੱਟ ਇਕ ਟੀਕਾ ਲਗਵਾਇਆ ਹੋਵੇ | ਤਿਉਹਾਰਾਂ ਨੂੰ  ਵੇਖਦੇ ਹੋਏ ਲਗਾਤਾਰ ਚੌਕਸੀ ਰੱਖਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਮੂਹ ਸਿਆਸੀ ਪਾਰਟੀਆਂ ਨੂੰ  ਇਸ ਸਬੰਧ ਵਿਚ ਮਿਸਾਲ ਪੇਸ਼ ਕਰਨ ਲਈ ਕਿਹਾ ਅਤੇ ਇਸ ਨਾਲ ਹੀ ਡੀ.ਜੀ.ਪੀ. ਨੂੰ  ਨਿਰਦੇਸ਼ ਦਿਤੇ ਕਿ ਪਾਬੰਦੀਆਂ ਦੀ ਪਾਲਣਾ ਸਭਨਾਂ ਦੁਆਰਾ ਯਕੀਨੀ ਬਣਾਈ ਜਾਵੇ | ਡੀ.ਜੀ.ਪੀ. ਦਿਨਕਰ ਗੁਪਤਾ ਨੇ ਇਸ ਮੌਕੇ ਕਿਹਾ ਕਿ ਕੋਵਿਡ ਦੇ ਮਾਮਲਿਆਂ ਦੀ ਘੱਟਦੀ ਗਿਣਤੀ ਦੇ ਮੱਦੇਨਜ਼ਰ ਲੋਕ ਮਾਸਕ ਪਾਉਣ ਦੇ ਮਾਮਲੇ ਵਿਚ ਅਵੇਸਲੇ ਹੋ ਰਹੇ ਹਨ ਅਤੇ ਇਸ ਸਬੰਧੀ ਸਿਹਤ ਵਿਭਾਗ ਨੂੰ  ਪੁਲਿਸ ਦੀ ਮਦਦ ਨਾਲ ਕੋਵਿਡ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰਵਾਉਣੀਆਂ ਚਾਹੀਦੀਆਂ ਹਨ | ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ  ਨਿਰਦੇਸ਼ ਦਿੱਤੇ ਕਿ ਹਰੇਕ ਜ਼ਿਲ੍ਹੇ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇ ਸੰਯੁਕਤ ਫਲਾਇੰਗ ਸਕੁਐਡ ਕਾਇਮ ਕਰ ਕੇ ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਵਿਚ ਸਖ਼ਤੀ ਨਾਲ ਪਾਬੰਦੀਆਂ ਲਾਗੂ ਕਰਵਾਉਣੀਆਂ ਯਕੀਨੀ ਬਣਾਇਆ ਜਾਵੇ ਮੁੱਖ ਮੰਤਰੀ ਨੇ ਇਹ ਵੀ ਹੁਕਮ ਦਿਤੇ ਕਿ ਟੈਸਟਿੰਗ ਸਮਰੱਥਾ ਵਿਚ ਵਾਧਾ ਕਰਦੇ ਹੋਏ ਇਸ ਨੂੰ  ਮੌਜੂਦਾ 45 ਹਜ਼ਾਰ ਪ੍ਰਤੀ ਦਿਨ ਤੋਂ ਵਧਾ ਕੇ ਘੱਟੋ-ਘੱਟ 50 ਹਜ਼ਾਰ ਪ੍ਰਤੀ ਦਿਨ ਕੀਤਾ ਜਾਵੇ ਤਾਂ ਜੋ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਸਬੰਧੀ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਸਕਣ | ਉਨ੍ਹਾਂ ਇਹ ਵੀ ਨਿਰਦੇਸ਼ ਦਿਤੇ ਕਿ ਸੈਂਟੀਨਲ ਟੈਸਟਿੰਗ ਦੇ ਨਾਲ ਹੀ ਆਊਟਰੀਚ ਕੈਂਪ ਅਤੇ ਟੈਸਟਿੰਗ ਵੀ ਕੀਤੀ ਜਾਵੇ ਖ਼ਾਸ ਕਰ ਕੇ ਉਨ੍ਹਾਂ ਥਾਵਾਂ ਉਤੇ ਜਿਥੇ ਕਿ ਤਿਉਹਾਰਾਂ ਦੇ ਨੇ ਮੱਦੇਨਜ਼ਰ ਲੋਕਾਂ ਦਾ ਇਕੱਠ ਹੋਣ ਦੀ ਉਮੀਦ ਹੈ | ਉਨ੍ਹਾਂ ਇਹ ਵੀ ਕਿਹਾ ਕਿ ਬੁਨਿਆਦੀ ਢਾਂਚੇ ਦੇ ਸੁਧਾਰ ਨਾਲ ਸਬੰਧਤ ਸਾਰੇ ਕੰਮਾਂ ਵਿਚ ਤੇਜ਼ੀ ਲਿਆ ਕੇ ਇਨ੍ਹਾਂ ਨੂੰ  ਪੂਰਾ ਕੀਤਾ ਜਾਵੇ |