ਮੁੱਖ ਮੰਤਰੀ ਪੰਜਾਬ ਦੇ ਘਰ ਜਾ ਕੇ ਦੇਣਗੇ ਸ਼ੁਭਕਾਮਨਾਵਾਂ ਅਤੇ ਦੱਸਣਗੇ ਆਪਣੇ ਹਾਲਾਤ : ਹਰਜੀਤ ਸਿੰਘ ਸਹੋਤਾ

ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੁਧਿਆਣਾ ਵਿਖੇ ਸੱਦੀ ਸੂਬਾ ਪੱਧਰੀ ਮੀਟਿੰਗ ਵਿੱਚ ਪੰਜਾਬ ਦੇ ਜਿਲ੍ਹਾ ਪ੍ਰਧਾਨਾਂ ਦੀ ਪੂਰਨ ਸਹਿਮਤੀ ਨਾਲ ਸੂਬਾ ਕਮੇਟੀ ਦੀ ਮੁੜ ਚੋਣ ਕਰਕੇ ਮਨਿੰਦਰ ਸਿੰਘ ਮਰਵਾਹਾ ਨੂੰ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕਰਕੇ ਸਮੂਹ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਸਟੇਟ ਕਮੇਟੀ ਵਲੋਂ ਫੈਸਲਾ ਲਿਆ ਗਿਆ ਕਿ 27 ਮਾਰਚ ਨੂੰ ਮੁੱਖ ਮੰਤਰੀ ਦੇ ਘਰ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਵਾਗਤੀ ਮਾਰਚ ਕੀਤਾ ਜਾਵੇਗਾ।ਜਿਸ ਵਿੱਚ ਸਮੂਹ ਕਮੇਟੀ ਮੈਂਬਰ ਹਾਜਰ ਹੋਣਗੇ ਅਤੇ ਪਿਛਲੇ 14 ਸਾਲਾਂ ਤੋਂ ਆਰਥਿਕ, ਮਾਨਸਿਕ ਪ੍ਰੇਸ਼ਾਨੀਆਂ ਝੱਲ ਕੇ ਸੋਸ਼ਣ ਦਾ ਸ਼ਿਕਾਰ ਕੱਚੇ ਅਧਿਆਪਕ ਸ਼ੁਭਕਾਮਨਾਵਾਂ ਦੇ ਕੇ ਮੁੱਖ ਮੰਤਰੀ ਪੰਜਾਬ ਨੂੰ ਆਪਣੀ ਆਰਥਿਕ ਹਾਲਤ ਬਿਆਨ ਕਰਨਗੇ।ਸੀਨੀਅਰ ਮੀਤ ਪ੍ਰਧਾਨ ਸ਼ਿਵ ਕੁਮਾਰ ਟੌਂਸਾ ਨੇ ਦੱਸਿਆ ਕਿ ਨਿਗੁਣੀਆਂ ਤਨਖਾਹਾਂ ਤੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨਾਲ ਸਮੇਂ ਦੀਆਂ ਸਰਕਾਰਾਂ ਧੱਕਾ ਕਰਦੀਆਂ ਆਈਆਂ ਹਨ ਅਤੇ ਝੂਠੇ ਲਾਰੇ ਲਗਾ-ਲਗਾ ਕੇ ਡੰਗ ਟਪਾਊ ਨੀਤੀ ਨਾਲ ਸਮਾਂ ਪਾਸ ਕੀਤਾ।ਕੈਪਟਨ ਅਮਰਿੰਦਰ ਸਿੰਘ ਪਿਛਲੀਆਂ ਵੋਟਾਂ ਤੋਂ ਪਹਿਲਾਂ ਪੱਕੇ ਕਰਨ ਦਾ ਵਾਅਦਾ ਕਰਕੇ 5 ਸਾਲ ਲਾਰੇ ਲਾਉਂਦਾ ਰਿਹਾ।ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਸਰਕਾਰ ਬਣਨ ਤੇ ਕੱਚੇ ਅਧਿਆਪਕਾਂ ਨਾਲ ਤੁਰੰਤ ਪੱਕੇ ਕਰਨ ਦਾ ਵਾਅਦਾ ਕੀਤਾ ਹੈ। ਉਮੀਦ ਕਰਦੇ ਹਾਂ ਕਿ ਉਹ ਪਿਛਲੀਆਂ ਸਰਕਾਰਾਂ ਵਾਂਗ ਵਾਅਦਾ ਖਿਲਾਫੀ ਨਾ ਕਰਕੇ ਤੁਰੰਤ ਮਸਲੇ ਹੱਲ ਕਰਨਗੇ।ਇਸ ਮੌਕੇ ਦਵਿੰਦਰ ਬਾਂਠ, ਨਵੀਨ, ਮਹੇਸ਼ ਰਾਣਾ, ਮੈਡਮ ਲਲਿਤਾ ਸੁਮਨ, ਹਰਦੀਪ ਕੌਰ, ਨਰਿੰਦਰ ਕੌਰ, ਅਰਚਨਾ, ਮਨਪ੍ਰੀਤ ਕੌਰ ਤੇ ਹੋਰ ਆਗੂ ਹਾਜ਼ਰ ਸਨ।

Previous articleਨਿਊਜ਼ ਇੰਪੈਕਟ…..
Next articleजम्मू की संस्कृति की झलक पेश करता है जागरवा डोगरी नृत्य