ਮੋਗਾ,(ਕੈਪਟਨ ਸੁਭਾਸ਼ ਚੰਦਰ ਸ਼ਰਮਾ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਮੋਗਾ ਦੇ ਸੱਦੇ ਤੇ ਕੌਮਾਂਤਰੀ ਮਜ਼ਦੂਰ ਦਿਵਸ ਪਹਿਲੀ ਦੇ ਸ਼ਹੀਦਾਂ ਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ ਕਰਨ ਤੇ ਕਮਾਊਂ ਲੋਕਾਂ ਦੀ ਹੋ ਰਹੀ ਲੁੱਟ ਦੇ ਖਿਲਾਫ਼ ਚਲਦੀ ਜਮਾਤੀ ਜੱਦੋਜਹਿਦ ਵਿੱਚ ਬਣਦਾ ਯੋਗਦਾਨ ਪਾਉਣ ਦੇ ਲਈ  ਨੇਚਰ ਪਾਰਕ ਮੋਗਾ ਵਿਖੇ ਅਧਿਆਪਕਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀ ਭਰਵੀਂ ਜਨਤਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਡੀਟੀਐੱਫ ਦੇ ਜ਼ਿਲ੍ਹਾ ਸਕੱਤਰ ਮੈਡਮ ਜਗਵੀਰਨ ਕੌਰ ਵੱਖ ਵੱਖ ਖੇਤਰਾਂ ਸਮੇਤ ਸਿੱਖਿਆ ਖੇਤਰ ਔਰਤ ਵਰਗ ਨੂੰ ਪੂਰੀ ਦਿਹਾੜੀ ਨਾ ਦੇਣੀ, ਯੂਨੀਅਨ ਬਣਾਉਣ ਤੋਂ ਮਨਾਹੀ ਅਤੇ ਹੋਰ ਢੰਗਾਂ ਰਾਹੀਂ ਸਰਕਾਰਾਂ ਅਤੇ ਸਰਮਾਏਦਾਰੀ ਵੱਲੋਂ ਕੀਤੀ ਜਾਂਦੀ ਲੁੱਟ ਅਤੇ ਗੁਲਾਮੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਨਵੀਂ ਸਿੱਖਿਆ ਨੀਤੀ 2020ਦੇ ਜਾਰੀ ਲਾਗੂ ਰੂਪਾਂ ਪੀਐਮ ਸ਼ਿਰੀ ਅਤੇ ਸਕੂਲ ਆਫ ਐਮੀਨੈਂਸ ਸਕੀਮ ਰਾਹੀਂ ਆਮ ਲੋਕਾਂ ਤੋਂ ਸਿੱਖਿਆ ਦੇ ਅਧਿਕਾਰ ਖੋਹੇ ਜਾਣ ਬਾਰੇ ਵਿਚਾਰ ਪੇਸ਼ ਕੀਤੇ। ਬਲਾਕ ਪ੍ਰਧਾਨ ਅਮਰਦੀਪ ਸਿੰਘ ਬੁੱਟਰ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਡੀ ਟੀ ਐੱਫ ਪੰਜਾਬ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੋਗਾ ਨੇ 8 ਘੰਟੇ ਦਿਹਾੜੀ,ਠੇਕਾ ਪ੍ਰਬੰਧ ਦੇ ਖਾਤਮੇ ਤੇ ਜੱਥੇਬੰਦੀ ਹੋਣ ਦੇ ਹੱਕਾਂ ਦੀ ਪ੍ਰਾਪਤੀ ਲਈ 1 ਮਈ1886 ਤੋਂ ਲੈ ਕੇ ਹੁਣ ਤੱਕ ਚੱਲੇ ਮਜ਼ਦੂਰ ਜਮਾਤ ਦੇ ਸਘੰਰਸ਼ ਅਤੇ ਪ੍ਰਾਪਤੀਆਂ ਬਾਰੇ ਬੋਲਦਿਆਂ ਮੰਗ ਕੀਤੀ ਕੇ ਦੇਸੀ ਵਿਦੇਸ਼ੀ ਸਾਮਰਾਜੀ ਸ਼ਾਹੂਕਾਰਾਂ, ਦੇਸੀ ਦਲਾਲ ਕਾਰਪੋਰੇਟ ਘਰਾਣਿਆਂ ਜਾਗੀਰਦਾਰਾਂ ਅਤੈ ਉੱਚ ਅਫਸਰਸ਼ਾਹੀ ਦੇ ਗੱਠਜੋੜ ਖਿਲਾਫ ਚੱਲ ਰਹੀ ਜੰਗ ਨੂੰ ਹੋਰ ਤੇਜ਼ ਕਰਦਿਆਂ ਆਪਸੀ ਜਮਾਤੀ ਤੇ ਭਾਈਚਾਰਕ ਏਕਾ ਮਜ਼ਬੂਤ ਕੀਤਾ ਜਾਵੇ। ਸਿੱਖਿਆ ਵਿਭਾਗ ਦੇ ਅੰਦਰ ਹਰ ਕਿਸਮ ਦੇ ਕੱਚੇ ਅਧਿਆਪਕ ਪੱਕੇ ਕਰਨ, ਆਊਟ ਸੋਰਸ ਕੰਪਨੀਆਂ ਰਾਹੀਂ ਸਕੀਮਾਂ ਚਲਾਉਣੀਆਂ ਬੰਦ ਕਰਨ ਦੀ ਮੰਗ ਕੀਤੀ। ਬਲਾਕ ਸਕੱਤਰ ਗੁਰਸ਼ਰਨ ਸਿੰਘ,ਵਿੱਤ ਸਕੱਤਰ ਮਧੂ ਬਾਲਾ ਪ੍ਰੇਮ ਕੁਮਾਰ ਪੈਨਸ਼ਨਰ ਆਗੂ, ਵਿਜੇ ਕੁਮਾਰ ਸਾਬਕਾ ਬਲਾਕ ਪ੍ਰਧਾਨ, ਅਮਨਦੀਪ ਮਟਵਾਣੀ ਸਾਬਕਾ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਮੋਗਾ ਸਾਬਕਾ ਅਧਿਆਪਕ ਆਗੂ,ਵਾਸ ਮਸੀਹ, ਹਰਸ਼ਰਨ ਸਿੰਘ , ਜਗਦੇਵ ਮਹਿਣਾ ਸਮੇਤ ਕਈ ਹੋਰ ਅਧਿਆਪਕ ਆਗੂਆਂ ਨੇ ਮਈ ਦਿਵਸ ਦੀ ਮਹੱਤਤਾ ਅਤੇ ਮੌਜੂਦਾ ਹਾਲਾਤ ਵਿੱਚ ਸਾਡੇ ਸਾਹਮਣੇ ਚਣੌਤੀਆਂ ਦੇ ਟਾਕਰੇ ਦੀ ਲੋੜ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿਚ ਅਗਲੇ ਸਾਲ ਵੱਡੀ ਪੱਧਰ ਤੇ ਮੋਗਾ ਵਿੱਚ ਮਈ ਦਿਵਸ ਮਨਾਉਣ ਦੇ ਅਹਿਦ ਨਾਲ ਮੀਟਿੰਗ ਖਤਮ ਹੋਈ।