ਦੋਸ਼ ਲਗਾਇਆ ਕਿ ਸੈਕਟਰੀ ਵੱਲੋਂ ਕੀਤੀ ਗਈ ਸੁਸਾਇਟੀ ਅੰਦਰ ਪਏ ਸਟਾਕ ਵਿਚ ਵੀ ਪੰਜ ਛੇ ਲੱਖ ਦੀ ਹੇਰਾ ਫੇਰੀ

ਭਵਾਨੀਗੜ,(ਵਿਜੈ ਗਰਗ): ਬਲਾਕ ਦੇ ਪਿੰਡ ਅਕਬਰਪੁਰ ਵਿਖੇ ਤਿੰਨ ਚਾਰ ਮਹੀਨਿਆਂ ਤੋਂ ਬੰਦ ਪਈ  ਬਹੁ ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਤੋਂ ਭੜਕੇ ਸੁਸਾਇਟੀ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਖੇਤੀਬਾੜੀ ਸੁਸਾਇਟੀ ਵਿਚ ਨੌਕਰੀ ਕਰਦੇ ਸੈਕਟਰੀ ਸਾਗਰ ਸਿੰਘ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਸੁਸਾਇਟੀ ਦੇ ਕਮੇਟੀ ਮੈਂਬਰ ਬਹਾਲ ਸਿੰਘ, ਸਤਿਗੁਰ ਸਿੰਘ, ਜਰਨੈਲ ਸਿੰਘ, ਸੁਖਪਾਲ ਸਿੰਘ, ਅਮਰਜੀਤ ਕੌਰ ਅਤੇ ਜਸਵਿੰਦਰ ਸਿੰਘ ਮੈਂਬਰਾਂ ਤੋਂ ਇਲਾਵਾ ਹੋਰ ਲੋਕਾਂ ਵਿੱਚੋਂ ਸੁਖਵਿੰਦਰ ਸਿੰਘ, ਭੂਰਾ ਸਿੰਘ, ਨੰਬਰਦਾਰ ਮਲਕੀਤ ਸਿੰਘ, ਲੀਲਾ ਸਿੰਘ, ਸੈਕਟਰੀ ਗੁਰਤੇਜ ਸਿੰਘ, ਸਿਕੰਦਰ ਸਿੰਘ, ਗਮਦੂਰ ਸਿੰਘ ਆਦਿ ਨੇ ਸਾਗਰ ਸਿੰਘ ਸੈਕਟਰੀ ਤੇ ਦੋਸ਼ ਲਗਾਏ ਕਿ ਤਿੱਨ ਚਾਰ ਮਹੀਨਿਆਂ ਤੋਂ ਇਹ ਸੁਸਾਇਟੀ ਬੰਦ ਪਈ ਹੈ। ਸਾਗਰ ਸਿੰਘ ਸਿਰਫ਼ ਅਾਪਣੀ ਹਾਜ਼ਰੀ ਲਾ ਕੇ ਦਫ਼ਤਰ ਨੂੰ ਬੰਦ ਕਰਕੇ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਸੈਕਟਰੀ ਵੱਲੋਂ ਸੁਸਾਇਟੀ ਅੰਦਰ ਪਏ ਸਟਾਕ ਵਿਚ ਵੀ ਪੰਜ ਛੇ ਲੱਖ ਦੀ ਹੇਰਾ ਫੇਰੀ ਕੀਤੀ ਗਈ। ਲੋਕਾਂ ਨੇ ਦੱਸਿਆ ਜਿਹੜਾ ਯੂਰੀਆ ਅਤੇ ਹੋਰ ਖਾਦ ਦਵਾਈਆਂ ਸੁਸਾਇਟੀ ਦੇ ਅਧੀਨ ਆਉਂਦੇ ਪਿੰਡ ਦੇ ਕਿਸਾਨਾਂ ਵਾਸਤੇ ਆਉਂਦੀਆਂ ਹਨ। ਉਨ੍ਹਾਂ ਦਵਾਈਆਂ ਅਤੇ ਯੂਰੀਏ ਨੂੰ ਬਾਹਰ ਦੇ ਲੋਕਾਂ ਨੂੰ ਚੋਰੀਓਂ ਦਿੱੱਤਾ ਜਾਂਦਾ ਹੈ। ਜਦਕਿ ਪਿੰਡ ਦੇ ਲੋਕ ਯੂਰੀਆ ਲੈਣ ਲਈ ਚੱਕਰ ਕੱਟਦੇ ਰਹਿੰਦੇ ਹਨ, ਪਰ ਸੋਸਾਇਟੀ ਦੇ ਗੇਟਾਂ ਨੂੰ ਜਿੰਦੇ ਲੱਗੇ ਮਿਲਦੇ ਹਨ।ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਵਿਸਾਖਾ ਸਿੰਘ ਨੇ ਦੱਸਿਆ ਕਿ ਮੇਰੇ ਵੱਲੋਂ ਸੈਕਟਰੀ ਸਾਗਰ ਸਿੰਘ ਨੂੰ 12-9-2019 ਨੂੰ ਇੱਕ ਲੱਖ ਬਾਰਾਂ ਹਜ਼ਾਰ ਦੇ ਕਰੀਬ ਮੇੈ ਖਾਤੇ ਵਿਚ ਜਮ੍ਹਾ ਕਰਵਾਉਣ ਲਈ ਦਿੱਤੇ ਸਨ। ਉਹ ਵੀ ਜਮ੍ਹਾਂ ਨਹੀਂ ਕੀਤੇ ਗਏ, ਜਦੋਂ ਮੈਂ ਹੁਣ ਆਪਣੀ ਦੂਸਰੀ ਕਾਪੀ ਦੇ ਪੈਸੇ ਲੈਣ ਲਈ ਘਰਾਚੋ ਦੀ ਬੈਂਕ ਵਿੱਚ ਗਿਆ ਤਾਂ ਮੈਨੂੰ ਬੈਂਕ ਮੈਨੇਜਰ ਨੇ ਡਿਫਾਲਟਰ ਕਹਿ ਕੇ ਵਾਪਸ ਮੋੜ ਦਿੱਤਾ ਕਿ ਤੁਸੀਂ ਤਾਂ ਡਿਫਾਲਟਰ ਹੋ ਚੁੱਕੇ ਹੋ।ਕਿਉਂਕਿ ਤੁਹਾਡੀ ਇੱਕ ਲੱਖ ਬਾਰਾਂ ਹਜ਼ਾਰ ਦੇ ਕਰੀਬ ਦੀ ਰਾਸ਼ੀ ਬਕਾਇਆ ਖੜ੍ਹੀ ਹੈ।ਪਿੰਡ ਦੇ ਲੋਕਾਂ ਨੇ  ਖੇਤੀ ਬਾੜੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੈਕਟਰੀ ਸਾਗਰ ਸਿੰਘ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਇਸ ਸੁਸਾਇਟੀ ਵਿਚੋਂ ਉਸ ਦੀ ਬਦਲੀ ਕੀਤੀ ਜਾਵੇ।

ਸੈਕਟਰੀ ਸਾਗਰ ਸਿੰਘ ਪਹਿਲਾਂ ਵੀ ਕਈ ਵਾਰੀ ਮਿਲੇ ਹਨ ਇੱਥੋਂ ਗੈਰ ਹਾਜ਼ਰ : ਮਹਿਲਾ ਇੰਸਪੈਕਟਰ ਕਾਜਲ

ਦੂਜੇ ਪਾਸੇ ਮੋਕਾ ਦੇਖਣ ਪਹੁੰਚੀ ਖੇਤੀਬਾੜੀ ਸਹਿਕਾਰੀ ਸਭਾ ਦੀ ਮਹਿਲਾ ਇੰਸਪੈਕਟਰ ਕਾਜਲ ਨੇ ਦੱਸਿਆ ਕਿ ਸੈਕਟਰੀ ਸਾਗਰ ਸਿੰਘ ਪਹਿਲਾਂ ਵੀ ਕਈ ਵਾਰੀ ਇੱਥੋਂ ਗੈਰ ਹਾਜ਼ਰ ਮਿਲੇ ਹਨ। ਪਰ ਅੱਜ ਦੁਆਰਾ ਫੇਰ ਪਿੰਡ ਦੇ ਲੋਕਾਂ ਵੱਲੋਂ ਕੀਤੀ।ਸ਼ਿਕਾਇਤ ਤੇ ਅੱਜ ਦੁਬਾਰਾ ਫੇਰ ਚੈੱਕ ਕਰਨ ਲਈ ਆਈ ਸੀ।ਅੱਜ ਤੀਜੀ ਵਾਰ ਮੈਨੂੰ ਗੈਰ ਹਾਜ਼ਰ ਮਿਲੇ ਹਨ। ਜਿਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਏਗੀ।ਜਦੋਂ ਉਨ੍ਹਾਂ ਨੂੰ ਸੁਸਾਇਟੀ ਦੇ ਸਟਾਕ ਵਿਚ ਹੋਏ ਓਏ ਘਪਲੇ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਸ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਤੱਥ ਸਾਹਮਣੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ।

ਮੈਂ ਕੋਈ ਯੂਰੀਆ ਖਾਦ ਦਵਾਈਆਂ ਬਾਹਰਲੇ ਲੋਕਾਂ ਨੂੰ ਨਹੀ ਵੇਚੀਆਂ : ਸੈਕਟਰੀ ਸਾਗਰ ਸਿੰਘ

ਜਦੋਂ ਇਸ ਸਬੰਧੀ ਸੈਕਟਰੀ ਸਾਗਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਮੈਂ ਅੰਮ੍ਰਿਤਧਾਰੀ ਹਾਂ ਅਤੇ ਮੈਂ ਕੋਈ ਹੇਰਾ ਫੇਰੀ ਨਹੀ ਕੀਤੀ ਅਤੇ ਨਾ ਹੀ ਮੈਂ ਕੋਈ ਯੂਰੀਆ ਖਾਦ ਦਵਾਈਆਂ ਬਾਹਰਲੇ ਲੋਕਾਂ ਨੂੰ ਵੇਚੀਆਂ ਹਨ। ਜਦੋਂ ਉਨ੍ਹਾਂ ਨੂੰ ਡਿਊਟੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਹੋਰ ਸੁਸਾਇਟੀ ਦਾ ਚਾਰਜ ਹੈ ਅਤੇ ਉਸ ਦਾ ਕੰਮ ਵੀ ਮੈਨੂੰ ਕਰਨਾ ਪੈਂਦਾ ਹੈ ਅਤੇ ਨਾਲ ਦਫਤਰੀ ਕੰਮ ਵੀ ਕਰਨੇ ਪੈਦੇ ਹਨ।ਪਿੰਡ ਵਿੱਚ ਧੜੇਬੰਦੀ ਹੋਣ ਕਰਕੇ ਕੁਝ ਲੋਕ ਮੇਰੇ ਤੇ ਵਾਧੂ ਦਾ ਚਿੱਕੜ ਉਛਾਲ ਰਹੇ ਹਨ। ਜੇ ਮਹਿਕਮਾ ਕੋਈ ਮੇਰੀ ਇਨਕਾਰੀ ਕਰਦਾ ਹੈ ਤਾਂ ਮੈਂ ਖਿੜੇ ਮੱਥੇ ਜਾਂਚ ਕਰਵਾਉਣ ਲਈ ਤਿਆਰ ਹਾ।